ਨਵੀਂ ਦਿੱਲੀ: ਉੱਤਰ-ਪੱਛਮੀ ਪਾਕਿਸਤਾਨ ਵਿੱਚ ਇੱਕ ਝੀਲ ਵਿੱਚ ਕਿਸ਼ਤੀ ਪਲਟਣ ਕਾਰਨ ਇੱਕ ਮਦਰੱਸੇ ਦੇ ਘੱਟੋ-ਘੱਟ 10 ਵਿਦਿਆਰਥੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਦਰੱਸਾ ਮੀਰਬਾਸ਼ ਖੇਲ ਦੇ ਵਿਦਿਆਰਥੀ ਖੈਬਰ ਪਖਤੂਨਖਵਾ ਸੂਬੇ ਦੇ ਕੋਹਾਟ ਜ਼ਿਲੇ ‘ਚ ਟਾਂਡਾ ਡੈਮ ਝੀਲ ‘ਚ ਸੈਰ ‘ਤੇ ਸਨ, ਜਦੋਂ ਉਨ੍ਹਾਂ ਦੀ ਕਿਸ਼ਤੀ ਪਲਟ ਗਈ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ 10 ਲਾਸ਼ਾਂ ਬਰਾਮਦ ਕੀਤੀਆਂ ਹਨ। ਕੋਹਾਟ ਦੇ ਡਿਪਟੀ ਕਮਿਸ਼ਨਰ ਫੁਰਕਾਨ ਅਸ਼ਰਫ ਨੇ ਦੱਸਿਆ ਕਿ ਕਿਸ਼ਤੀ ‘ਤੇ 30 ਲੋਕ ਸਵਾਰ ਸਨ ਅਤੇ ਇਨ੍ਹਾਂ ‘ਚ ਜ਼ਿਆਦਾਤਰ ਬੱਚੇ ਸਨ। ਇਨ੍ਹਾਂ ਵਿੱਚ ਸੱਤ ਤੋਂ 14 ਸਾਲ ਦੀ ਉਮਰ ਦੇ ਵਿਦਿਆਰਥੀ ਸਨ।
ਉਨ੍ਹਾਂ ਦੱਸਿਆ ਕਿ 15 ਬੱਚਿਆਂ ਨੂੰ ਬਚਾਇਆ ਗਿਆ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਪਾਕਿਸਤਾਨੀ ਫੌਜ ਦੀ ਬਚਾਅ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ, ਜਿੱਥੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਖੈਬਰ ਪਖਤੂਨਖਵਾ ਸੂਬੇ ਦੇ ਕਾਰਜਕਾਰੀ ਮੁੱਖ ਮੰਤਰੀ ਆਜ਼ਮ ਖਾਨ ਨੇ ਸਥਾਨਕ ਪ੍ਰਸ਼ਾਸਨ ਨੂੰ ਪ੍ਰਭਾਵਿਤ ਪਰਿਵਾਰਾਂ ਨੂੰ ਐਮਰਜੈਂਸੀ ਰਾਹਤ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ।