10 ਸਾਲ ਤੋਂ ਖਰਾਬ ਨਹੀਂ ਹੋਏ McD ਦੇ ਬਰਗਰ ਤੇ ਫਰਾਈਜ਼, ਦੂਰੋਂ-ਦੂਰੋਂ ਦੇਖਣ ਆਉਂਦੇ ਨੇ ਲੋਕ

TeamGlobalPunjab
2 Min Read

ਆਮਤੌਰ ‘ਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਬਰਗਰ ਵਰਗੇ ਫਾਸਟ ਫੂਡ ਜਲਦੀ ਖ਼ਰਾਬ ਨਹੀਂ ਹੁੰਦੇ ਹਨ। ਕੁੱਝ ਅਜਿਹਾ ਹੀ ਦੇਖਣ ਨੂੰ ਮਿਲਿਆ ਹੈ ਯੂਰਪੀ ਦੇਸ਼ ਆਈਸਲੈਂਡ ‘ਚ ਇੱਥੇ 10 ਸਾਲ ਤੋਂ ਰੱਖੇ ਗਏ ਬਰਗਰ ਤੇ ਫਰਾਈਜ਼ ਅੱਜ ਵੀ ਸੁਰੱਖਿਅਤ ਤੇ ਖਾਣ ਲਾਇਕ ਹਨ। ਖਾਸ ਗੱਲ ਇਹ ਹੈ ਕਿ ਇਸ ਨੂੰ ਦੇਖਣ ਲਈ ਦੁਨੀਆ ਭਰ ਤੋਂ ਲੋਕ ਆਉਂਦੇ ਹਨ ਤੇ ਉਹ ਇਹ ਵੇਖ ਕੇ ਹੈਰਾਨ ਰਹਿ ਜਾਂਦੇ ਹਨ ਕਿ ਆਖਰ ਇੰਨੇ ਸਾਲ ਤੋਂ ਇਹ ਖ਼ਰਾਬ ਕਿਉਂ ਨਹੀਂ ਹੋਏ।

ਅਸਲ ‘ਚ 10 ਸਾਲ ਪਹਿਲਾਂ ਯਾਨੀ ਸਾਲ 2009 ਵਿੱਚ ਆਈਸਲੈਂਡ ਵਿੱਚ ਆਰਥਿਕ ਮੰਦੀ ਆਈ ਸੀ, ਜਿਸ ਵਜ੍ਹਾ ਕਾਰਨ ਮੈਕਡੋਨਲਡਸ ਨੇ ਆਪਣੇ ਤਿੰਨ ਸਟੋਰ ਬੰਦ ਕਰ ਦਿੱਤੇ ਸਨ ਇਨ੍ਹਾਂ ‘ਚੋਂ ਇੱਕ ਸਟੋਰ ਰਾਜਧਾਨੀ ਰੇਕਿਆਵਿਕ ਵਿੱਚ ਵੀ ਸੀ। ਜਾਰਟਰ ਮਰਾਸਨ ਨਾਮ ਦੇ ਵਿਅਕਤੀ ਨੇ 31 ਅਕਤੂਬਰ , 2009 ਨੂੰ ਇੱਥੋਂ ਹੀ ਅਖੀਰਲੀ ਵਾਰ ਉਹ ਬਰਗਰ ਤੇ ਫਰਾਈਜ਼ ਖਰੀਦਿਆ ਸੀ ਅਤੇ ਉਸ ਨੂੰ ਸੁਰੱਖਿਅਤ ਰੱਖ ਦਿੱਤਾ ਸੀ।

ਮੀਡੀਆ ਰਿਪੋਰਟਾਂ ਦੇ ਮੁਤਾਬਕ, ਜਾਰਟਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਸੀ ਕਿ ਮੈਕਡੋਨਲਡਸ ਦਾ ਬਰਗਰ ਖ਼ਰਾਬ ਨਹੀਂ ਹੁੰਦਾ, ਇਸ ਲਈ ਉਨ੍ਹਾਂ ਨੇ ਇਸ ਨੂੰ ਆਜ਼ਮਾਉਣ ਦਾ ਫੈਸਲਾ ਲਿਆ ਤੇ ਬਰਗਰ ਨੂੰ ਸੁਰੱਖਿਅਤ ਰੱਖ ਦਿੱਤਾ। ਪਹਿਲਾਂ ਉਨ੍ਹਾਂ ਨੇ ਉਸ ਬਰਗਰ ਤੇ ਫਰਾਈਜ਼ ਨੂੰ ਇੱਕ ਪਲਾਸਟਿਕ ਬੈਗ ਵਿੱਚ ਪਾ ਕੇ ਆਪਣੇ ਗੈਰਾਜ ਵਿੱਚ ਰੱਖ ਦਿੱਤਾ। ਉੱਥੇ ਲਗਭਗ ਤਿੰਨ ਸਾਲ ਤੱਕ ਬਰਗਰ ਰੱਖਣ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਅਜਾਇਬ-ਘਰ ਨੂੰ ਦੇ ਦਿੱਤਾ।

ਫਿਲਹਾਲ ਉਸ ਬਰਗਰ ਤੇ ਫਰਾਈਜ਼ ਨੂੰ ਦੱਖਣੀ ਆਈਸਲੈਂਡ ਦੇ ਸਨੋਤਰਾ ਹਾਉਸ ‘ਚ ਕੱਚ ਦੇ ਜਾਰ ਵਿੱਚ ਰੱਖਿਆ ਗਿਆ ਹੈ। ਹੋਸਟਲ ਦੇ ਮਾਲਕ ਸਿਗੀ ਸਿਗੁਰਦੁਰ ਨੇ ਦੱਸਿਆ ਕਿ ਬਰਗਰ ਤੇ ਫਰਾਈਜ਼ ਕਾਫ਼ੀ ਪੁਰਾਣੇ ਹੋ ਗਏ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਉਹ ਹਾਲੇ ਵੀ ਸੁਰੱਖਿਅਤ ਹਨ।

ਸੋਸ਼ਲ ਮੀਡੀਆ ‘ਤੇ ਵੀ ਇਹ ਬਰਗਰ ਤੇ ਫਰਾਈਜ਼ ਕਾਫ਼ੀ ਚਰਚਾ ‘ਚ ਹਨ। ਸਿਗੀ ਸਿਗੁਰਦੁਰ ਦੇ ਮੁਤਾਬਕ ਵੈਬਸਾਈਟ ‘ਤੇ ਹਰ ਰੋਜ਼ ਲਗਭਗ ਚਾਰ ਲੱਖ ਲੋਕ ਇਸ ਅਨੋਖੇ ਬਰਗਰ ਤੇ ਫਰਾਈਜ਼ ਨੂੰ ਵੇਖਦੇ ਹਨ।

ਆਈਸਲੈਂਡ ਯੂਨੀਵਰਸਿਟੀ ਦੇ ਫੂਡ ਸਾਇੰਸ ਦੇ ਸੀਨੀਅਰ ਲੈਕਚਰਰ ਬਜਾਰਨ ਏਡਲਬਜੋਰਨਸਨ ਨੇ ਬਰਗਰ ਦੇ ਹਾਲੇ ਤੱਕ ਖ਼ਰਾਬ ਨਾ ਹੋਣ ਦੀ ਵਜ੍ਹਾ ਇਸ ਵਿੱਚ ਨਮੀ ਦਾ ਨਾ ਹੋਣਾ ਦੱਸਿਆ ਹੈ।

- Advertisement -

Share this Article
Leave a comment