ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਚੋਣਾ ਦੇ ਠੀਕ ਇਕ ਮਹੀਨੇ ਬਾਅਦ ਪੰਜਾਬ ਪੁਲਿਸ ਲਈ ਵੱਡਾ ਐਲਾਨ ਕੀਤਾ ਸੀ। ਵਾਅਦੇ ਮੁਤਾਬਕ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ 1 ਕਰੋੜ ਰੁਪਏ ਐਕਸ-ਗ੍ਰੇਸ਼ੀਆ ਰਾਸ਼ੀ ਪ੍ਰਦਾਨ ਕਰ ਰਹੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਪੁਲਿਸ ਭਲਾਈ ਫੰਡ ਨੂੰ 10 ਕਰੋੜ ਰੁਪਏ ਤੋਂ ਵਧਾ ਕੇ 15 ਕਰੋੜ ਰੁਪਏ ਵੀ ਕਰ ਦਿੱਤਾ ਹੈ।
ਸ਼ਹੀਦ ਫੌਜੀ ਦੇ ਪਰਿਵਾਰ ਨੂੰ ਵੰਡੇ 1 ਕਰੋੜ ਦੇ ਚੈਕ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ਹੀਦ ਹੋਣ ਵਾਲੇ ਪੰਜਾਬ ਦੇ ਫੌਜੀ ਜਵਾਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਹੀਦ ਜਵਾਨਾਂ ਦੇ ਘਰ ਜਾ ਕੇ ਉਨ੍ਹਾਂ ਦੇ ਵਾਰਸਾਂ ਨੂੰ 1-1 ਕਰੋੜ ਰੁਪਏ ਦੇ ਚੈੱਕ ਸੌਂਪ ਰਹੇ ਹਨ।
ਇਸ ਯੋਜਨਾ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲਾਂ ਉਹ ਸੁਣਦੇ ਹੁੰਦੇ ਸਨ ਕਿ ਸ਼ਹੀਦ ਫ਼ੌਜੀ ਦੇ ਪਰਿਵਾਰ ਨੂੰ ਸਿਲਾਈ ਮਸ਼ੀਨ ਅਤੇ 20 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਗਈ। ਪਰ ਇਹ ਉਸ ਦੀ ਸ਼ਹਾਦਤ ਦੀ ਤੌਹੀਨ ਹੈ। ਪੰਜਾਬ ਵਿਚ ਸਰਕਾਰ ਦੀ ਵਾਗਡੋਰ ਸੰਭਾਲਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਦੇ ਵਾਰਸਾਂ ਨੂੰ 1-1 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਸ਼ਹਾਦਤ ਅਣਮੋਲ ਹੈ ਤੇ ਅਸੀਂ ਉਨ੍ਹਾਂ ਦਾ ਦੇਣ ਕਦੀ ਨਹੀਂ ਦੇ ਸਕਦੇ, ਪਰ ਘੱਟੋ-ਘੱਟ ਮਗਰੋਂ ਉਨ੍ਹਾਂ ਦੇ ਪਰਿਵਾਰਾਂ ਨੂੰ ਆਰਥਿਕ ਤੌਰ ‘ਤੇ ਤਾਂ ਪ੍ਰੇਸ਼ਾਨੀ ਨਾ ਝੱਲਣੀ ਪਵੇ।
- Advertisement -
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰਾਂ
ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੈਨਾਨੀਆਂ ਅਤੇ ਬਾਗਬਾਨੀ ਵਿਭਾਗਾਂ ਦੇ ਮੰਤਰੀ ਮਹਿੰਦਰ ਭਗਤ ਨੇ ਦੱਸਿਆ ਹੈ ਕਿ ਭਗਵੰਤ ਮਾਨ ਸਰਕਾਰ ਸਾਬਕਾ ਸੈਨਿਕਾਂ ਦੀ ਸੁਵਿਧਾ ਲਈ ਰਾਜ ਭਰ ਵਿੱਚ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰਾਂ ਨੂੰ ਵੱਡੇ ਪੱਧਰ ‘ਤੇ ਮਜ਼ਬੂਤ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਦਫਤਰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਲੋੜ ਪੈਣ ‘ਤੇ ਰਾਜ ਕੋਲ ਉਠਾਉਂਦੇ ਹਨ।
ਅਗਨੀਵੀਰ ਸ਼ਹੀਦ ਅੰਮ੍ਰਿਤਪਾਲ ਸਿੰਘ
ਜੰਮੂ ਕਸ਼ਮੀਰ ਵਿੱਚ ਦੇਸ਼ ਦੀ ਸੇਵਾ ਨਿਭਾਉਂਦਿਆਂ ਸ਼ਹੀਦੀ ਪ੍ਰਾਪਤ ਕਰਨ ਵਾਲੇ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਸਨਮਾਨ ਰਾਸ਼ੀ ਵਜੋਂ ਇਕ ਕਰੋੜ ਰੁਪਏ ਦੇ ਚੈੱਕ ਸੌਂਪਿਆ ਸੀ ਤੇ ਸ਼ਹੀਦ ਅੰਮ੍ਰਿਤਪਾਲ ਸਿੰਘ ਨੂੰ ਫੌਜ ਵੱਲੋਂ ‘ਗਾਰਡ ਆਫ ਆਨਰ’ ਨਾ ਦੇਣ ਉਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਖ਼ਤ ਇਤਰਾਜ਼ ਜ਼ਾਹਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਸ਼ਹੀਦ ਜਵਾਨ ਅਗਨੀਵੀਰ ਹੋਣ ਕਰਕੇ ਫੌਜ ਦਾ ਉਸ ਪ੍ਰਤੀ ਇਹ ਵਤੀਰਾ ਬਹੁਤ ਦੁਖਦਾਇਕ ਹੈ।