ਫ਼ਸਲੀ ਵਿਭਿੰਨਤਾ ਲਈ ਮੱਕੀ ਦੀ ਕਾਸ਼ਤ ਬਾਰੇ ਰਾਸ਼ਟਰੀ ਸੈਮੀਨਾਰ

TeamGlobalPunjab
3 Min Read

ਲੁਧਿਆਣਾ : ਪੀ.ਏ.ਯੂ. ਵਿੱਚ ਸਥਿਤ ਆਈ ਸੀ ਏ ਆਰ ਭਾਰਤੀ ਮੱਕੀ ਖੋਜ ਕੇਂਦਰ ਦੇ ਛੇਵੇਂ ਸਥਾਪਨਾ ਦਿਵਸ ਮੌਕੇ ‘ਬਦਲਦੇ ਪੌਣ-ਪਾਣੀ ਵਿੱਚ ਫ਼ਸਲੀ ਵਿਭਿੰਨਤਾ ਲਈ ਮੱਕੀ ਦੀ ਕਾਸ਼ਤ’ ਵਿਸ਼ੇ ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ 9-10 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ।

ਇਹ ਸੈਮੀਨਾਰ ਮੱਕੀ ਦੇ ਫ਼ਸਲੀ ਵਿਭਿੰਨਤਾ ਵਿੱਚ ਇੱਕ ਬਦਲ ਵਜੋਂ ਕਾਸ਼ਤ ਲਈ ਮੱਕੀ ਦੀਆਂ ਕਿਸਮਾਂ, ਵਰਤਮਾਨ ਉਤਪਾਦਨ ਦ੍ਰਿਸ਼, ਮੰਡੀ ਦੀਆਂ ਲੋੜਾਂ, ਭਾਰਤ ਦੇ ਹੋਰ ਦੇਸ਼ਾਂ ਵਿੱਚ ਮੱਕੀ ਦੀ ਕਾਸ਼ਤ ਅਤੇ ਚੁਣੌਤੀਆਂ ਸੰਬੰਧੀ ਮੁੱਦਿਆਂ ਨੂੰ ਵਿਚਾਰਨ ਲਈ ਇਸ ਖੇਤਰ ਦੇ ਮਾਹਿਰਾਂ, ਵਿਗਿਆਨੀਆਂ ਅਤੇ ਕਾਸ਼ਤਕਾਰਾਂ ਨੂੰ ਇੱਕ ਮੰਚ ਮੁਹੱਈਆ ਕਰਾਏਗਾ।

ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਭਾਰਤ ਮੱਕੀ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਸੁਜੈ ਰਕਸ਼ਿਤ ਨੇ ਦੱਸਿਆ ਕਿ ਇਸ ਸੈਮੀਨਾਰ ਦੌਰਾਨ ਫ਼ਸਲੀ ਵਿਭਿੰਨਤਾ ਦੇ ਬਦਲ ਵਜੋਂ ਮੱਕੀ ਦੀ ਕਾਸ਼ਤ ਦੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ ਬਾਰੇ ਵਿਚਾਰ ਕਰਨ ਦੇ ਨਾਲ-ਨਾਲ ਸਥਾਨਿਕਤਾ ਆਧਾਰਿਤ ਮੱਕੀ ਉਤਪਾਦਨ ਤਕਨੀਕਾਂ ਦੀ ਪਛਾਣ ਅਤੇ ਇੱਕ ਜਿਣਸ ਵਜੋਂ ਮੱਕੀ ਦੇ ਕਦਰ ਵਾਧੇ ਵਿੱਚ ਵੱਖ-ਵੱਖ ਸਹਿਯੋਗੀ ਪੱਖਾਂ ਦੀ ਭੂਮਿਕਾ ਦੇ ਨਾਲ-ਨਾਲ ਮੱਕੀ ਦੀ ਖੋਜ ਨੂੰ ਭਾਰਤ ਵਿੱਚ ਹੋਰ ਵਿਕਸਿਤ ਕਰਨ ਸੰਬੰਧੀ ਮਸਲਿਆਂ ਉਪਰ ਵਿਚਾਰ ਲਈ ਕਰਵਾਇਆ ਜਾ ਰਿਹਾ ਹੈ।

ਇਸ ਵਿੱਚ 150 ਦੇ ਕਰੀਬ ਡੈਲੀਗੇਟ ਪੂਰੇ ਭਾਰਤ ਤੋਂ ਹਿੱਸਾ ਲੈਣਗੇ। ਇਹਨਾਂ ਵਿੱਚ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸੁਰੇਸ਼ ਕੁਮਾਰ ਮੱਕੀ ਖੋਜ ਕੇਂਦਰ ਦੇ ਸਥਾਪਨਾ ਦਿਵਸ ਦੇ ਪ੍ਰਸੰਗ ਵਿੱਚ ਆਰੰਭਕ ਭਾਸ਼ਣ ਦੇਣਗੇ। ਰਾਸ਼ਟਰੀ ਬੀਜ ਕਾਰਪੋਰੇਸ਼ਨ ਦੇ ਮੁੱਖ ਪ੍ਰਬੰਧਕੀ ਨਿਰਦੇਸ਼ਕ ਬੀ ਕੇ ਗੌੜ ਵਿਸ਼ੇਸ਼ ਮਹਿਮਾਨ ਹੋਣਗੇ ਜਦਕਿ ਸਿਮਟ ਦੇ ਡਾ. ਬੀ ਐਮ ਪ੍ਰਸੰਨਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹਿਣਗੇ।

- Advertisement -

ਆਰੰਭਲੇ ਸੈਸ਼ਨ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਕਰਨਗੇ ਜਦਕਿ ਹੋਰ ਵਿਸ਼ੇਸ਼ ਮਹਿਮਾਨਾਂ ਵਿੱਚ ਵਲਡ ਫੂਡ ਪ੍ਰਾਈਜ ਜੇਤੂ ਡਾ. ਐਸ ਕੇ ਵਾਸਲ ਅਤੇ ਮੱਕੀ ਖੋਜ ਕੇਂਦਰ ਦੇ ਸਾਬਕਾ ਨਿਰਦੇਸ਼ਕ ਡਾ. ਸੇਨਦਾਸ ਵੀ ਹਾਜ਼ਰ ਰਹਿਣਗੇ।

ਡਾ. ਰਕਸ਼ਿਤ ਨੇ ਦੱਸਿਆ ਕਿ ਇਸ ਮੌਕੇ ਖੇਤੀ ਖੋਜ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਵਿਗਿਆਨੀਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਜਾਣਗੇ ਜਿਨ੍ਹਾਂ ਵਿੱਚੋਂ ਡਾ. ਐਨ ਐਲ ਧਵਨ ਲਾਈਫ ਟਾਈਮ ਅਚੀਵਮੈਂਟ ਐਵਾਰਡ, ਡਾ. ਜੁਗਿੰਦਰ ਸਿੰਘ ਆਊਟਸਟੈਡਿੰਗ ਖੋਜ ਐਵਾਰਡ, ਡਾ. ਐਨ ਐਨ ਸਿੰਘ ਨੌਜਵਾਨ ਵਿਗਿਆਨੀ ਐਵਾਰਡ, ਮਨੀਹਾਰ ਬੈਸਟ ਪੀ ਜੀ ਖੋਜ ਐਵਾਰਡ (ਐਮ ਐਸ ਸੀ ਅਤੇ ਪੀ ਐਚ ਡੀ ਵਿੱਚੋਂ ਇੱਕ-ਇੱਕ) ਸਰਵੋਤਮ ਪੋਸਟਰ ਐਵਾਰਡ ਅਤੇ ਪੰਜਾਬ ਵਿੱਚ ਮੱਕੀ ਦੀ ਕਾਸ਼ਤ ਲਈ ਸਰਵੋਤਮ ਕਿਸਾਨ ਲਈ ਐਵਾਰਡ ਪ੍ਰਮੁੱਖ ਹਨ।

Share this Article
Leave a comment