ਚੰਡੀਗੜ੍ਹ, (ਅਵਤਾਰ ਸਿੰਘ): “ਕੋਈ ਵੀ ਲੋਕ-ਲਹਿਰ ਪੰਜਾਬ ਵਿਚੋਂ ਉਭਰ ਕੇ ਪੂਰੇ ਮੁਲਕ ਨੂੰ ਅਸਰ ਅੰਦਾਜ਼ ਕਰਦੀ ਹੈ। ਚਾਹੇ ਉਹ ਗਦਰੀ ਬਾਬਿਆਂ ਦੀ ਲਹਿਰ, ਬੱਬਰ ਅਕਾਲੀ ਲਹਿਰ ਹੋਵੇ, ਗੁਰੁਦਆਰਾ ਸੁਧਾਰ ਲਹਿਰ ਹੋਵੇ, ਚਾਹੇ ਕੂਕਾ ਲਹਿਰ ਹੋਵੇ। ਕਿਸਾਨ ਅੰਦੋਲਨ ਨਾ ਕੇਵਲ ਪੰਜਾਬ ਜਾਂ ਭਾਰਤ ਬਲਿਕ ਪੂਰੇ ਸੰਸਾਰ ਨੂੰ ਪ੍ਰਭਾਵਿਤ ਕਰੇਗਾ। ਇਹ ਵਿਚਾਰ 85 ਸਾਲਾ ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ (ਜੋ ਅੱਜ ਕੱਲ੍ਹ ਪੀ.ਜੀ.ਆਈ ਵਿਚ ਜੇਰੇ ਇਲਾਜ਼ ਹਨ।) ਨੇ ਇਕ ਚੈਨਲ ਵਲੋਂ ਕਰਵਾਏ ‘ਕਿਸਾਨ ਸੰਘਰਸ਼: ਅਤੀਤ, ਵਰਤਮਾਨ ਤੇ ਭਵਿੱਖ’ ਜੂਮ-ਐਪ ਆਨ ਲਾਇਨ ਚਰਚਾ ਦੌਰਾਨ ਪ੍ਰਗਟ ਕੀਤੇ।” ਇਸ ਮੌਕੇ ਚਿੰਤਕ ਡਾ. ਭੀਮਇੰਦਰ ਸਿੰਘ ਤੇ ਕਿਸਾਨ ਆਗੂ ਡਾ. ਦਰਸ਼ਨਪਾਲ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਿਲ ਸਨ।
ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਅੰਦੋਲਨ ਦੇ ਰੂਪ ਵਿਚ ਲੋਕ-ਰੋਹ ਨਾ ਕੇਵਲ ਅਡਾਨੀਆਂ-ਅੰਬਾਨੀਆ ਖਿਲਾਫ ਹੈ ਬਲਿਕ ਇਹ ਬਗ਼ਾਵਤ ਸਾਰੇ ਸੰਸਾਰ ਦੇ ਕਾਰਪੋਰੇਟ ਸੈਕਟਰ ਵਿਰੁਧ ਹੈ, ਜੋ ਸਾਰੀ ਦੁਨੀਆਂ ਦੇ ਸਾਧਨਾ ਉਪਰ ਕਾਬਜ਼ ਹੋਣ ਲਈ ਕੋਝੀਆਂ ਚਾਲਾਂ ਚੱਲ ਰਿਹਾ ਹੈ। ਸ੍ਰੀ ਰੂਪ ਨੇ ਬਿਮਾਰੀ ਕਾਰਣ ਕਾਲੇ ਖੇਤੀ ਕਾਨੂੰਨਾ ਖਿਲਾਫ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਕਰਨ ਤੋਂ ਅਸਮਰੱਥਾ ਜ਼ਾਹਿਰ ਕਰਦੇ ਪੰਜਾਬ ਵਿਚ ਸ਼ੁਰੂ ਹੋ ਕੇ ਪੂਰੇ ਮੁਲਕ ਵਿਚ ਫੈਲ ਰਹੇ ਲੋਕ-ਅੰਦੋਲਨ ਦੇ ਆਗੂਆਂ ਨੂੰ ਸੁੱਭ-ਕਾਮਨਾਵਾਂ ਦਿੱਤੀਆਂ ਅਤੇ ਕਿਰਤੀਆਂ, ਨਿਮਨ ਵਪਾਰੀਆਂ, ਮੁਲਾਜ਼ਮਾਂ, ਲੇਖਕਾਂ, ਰੰਗਕਰਮੀਆਂ ਅਤੇ ਬੁੱਧੀਜੀਵੀਆਂ, ਸਮਾਜ ਦੇ ਹਰ ਵਰਗ ਨੂੰ ਪੂਰੀ ਤਨਦੇਹੀ ਅਤੇ ਸ਼ਿੱਦਤ ਨਾਲ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਹੈ ਤਾਂ ਜੋ ਹਾਕਮ ਦੇ ਇਨਸਾਨ ਵਿਰੋਧੀ ਮਨਸੂਬਿਆਂ ਨੂੰ ਅਸਫਲ ਕੀਤਾ ਜਾ ਸਕੇ। ਕਾਬਲੇਗੌਰ ਹੈ ਕਿ ਰਿਪੁਦਮਨ ਸਿੰਘ ਰੂਪ ਪੰਜਾਬੀ ਦੇ ਉਘੇ ਮਰਹੂਮ ਲੇਖਕ ਸੰਤੋਖ ਸਿੰਘ ਧੀਰ ਦੇ ਭਰਾ ਹਨ।