ਜ਼ਿਲਾ ਪ੍ਰਸ਼ਾਸ਼ਨ ਦੇ ਅੱਖ ਅਤੇ ਕੰਨ ਬਣਨਗੇ ਸਿਵਲ ਡਿਫੈਂਸ ਦੇ ਵਲੰਟੀਅਰ

TeamGlobalPunjab
2 Min Read

ਹੁਸ਼ਿਆਰਪੁਰ : ਜ਼ਿਲਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਨੇ ਕਾਲਾਬਾਜ਼ਾਰੀ ਨੂੰ ਠੱਲ• ਪਾਉਣ ਅਤੇ ਫੀਲਡ ਵਿੱਚੋਂ ਸਹੀ ਫੀਡ ਬੈਕ ਲੈਣ ਲਈ ਇਕ ਨਿਵੇਕਲੀ ਪਹਿਲ ਕਰਦਿਆਂ ਸਿਵਲ ਡਿਫੈਂਸ ਦੇ ਵਲੰਟੀਅਰ ਤਾਇਨਾਤ ਕੀਤੇ ਹਨ। ਅੱਜ ਸਬਜ਼ੀ ਮੰਡੀ ਹੁਸ਼ਿਆਰਪੁਰ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਸਿਵਲ ਡਿਫੈਂਸ ਦੇ ਵਲੰਟੀਅਰਾਂ ਨੂੰ ਰਵਾਨਾ ਕੀਤਾ ਅਤੇ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਵਲ ਡਿਫੈਂਸ ਦੇ ਕਰੀਬ 100 ਵਲੰਟੀਅਰਾਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਇਨਾਂ ਵਲੰਟੀਅਰਾਂ ਨੂੰ ਜਿਥੇ ਵਾਰਡ ਵਾਈਜ਼ ਸਬਜ਼ੀ ਅਤੇ ਫ਼ਲ ਵੇਚਣ ਵਾਲੇ ਵਿਕਰੇਤਾ ‘ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ, ਉਥੇ ਕਰਫਿਊ ਦੀ ਉਲੰਘਣਾ ਸਮੇਤ ਫੀਲਡ ਵਿੱਚੋਂ ਸਹੀ ਫੀਡ ਬੈਕ ਪ੍ਰਸ਼ਾਸ਼ਨ ਨੂੰ ਦੇਣ ਲਈ ਕਿਹਾ ਹੈ। ਉਨਾਂ ਕਿਹਾ ਕਿ ਜ਼ਿਲੇ ਵਿੱਚ ਕਾਲਾਬਾਜ਼ਾਰੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਅਜਿਹਾ ਸਾਹਮਣੇ ਆਉਂਦਾ ਹੈ, ਤਾਂ ਉਸ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਵਲੰਟੀਅਰਾਂ ਨੂੰ ਰਵਾਨਾ ਕਰਦਿਆਂ ਕਿਹਾ ਕਿ ਸਬਜ਼ੀ ਅਤੇ ਫ਼ਲ ਵੇਚਣ ਵਾਲੀਆਂ ਰੇਹੜੀਆਂ ਅਤੇ ਹੋਰ ਛੋਟੇ ਟੈਂਪੂਆਂ ‘ਤੇ ਲਗਾਤਾਰ ਚੈਕਿੰਗ ਯਕੀਨੀ ਬਣਾਈ ਜਾਵੇ, ਤਾਂ ਜੋ ਆਮ ਜਨਤਾ ਤੱਕ ਸਹੀ ਰੇਟ ‘ਤੇ ਹੀ ਫ਼ਲ ਅਤੇ ਸਬਜ਼ੀਆਂ ਮੁਹੱਈਆ ਕਰਵਾਈਆਂ ਜਾ ਸਕਣ।
ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਸਿਵਲ ਡਿਫੈਂਸ ਦੇ ਇਨਾਂ ਵਲੰਟੀਅਰਾਂ ਵਲੋਂ ਵਾਰਡ ਵਾਈਜ਼ ਇਹ ਵੀ ਚੈਕ ਕੀਤਾ ਜਾਵੇਗਾ ਕਿ ਕਰਫਿਊ ਸਬੰਧੀ ਕਿਤੇ ਉਲੰਘਣਾ ਤਾਂ ਨਹੀਂ ਹੋ ਰਹੀ। ਇਸ ਤੋਂ ਇਲਾਵਾ ਵਾਰਡਾਂ ਦੀਆਂ ਹੋਰ ਸਮੱਸਿਆਵਾਂ ਸਮੇਤ ਫੀਲਡ ਦੀ ਸਹੀ ਫੀਡ ਬੈਕ ਇਨਾਂ ਵਲੋਂ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦੀ ਜਾਵੇਗੀ, ਤਾਂ ਜੋ ਤੁਰੰਤ ਕਾਰਵਾਈ ਯਕੀਨੀ ਬਣਾਈ ਜਾ ਸਕੇ। ਉਨਾਂ ਵਲੰਟੀਅਰਾਂ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਉਹ ਪ੍ਰਸ਼ਾਸ਼ਨ ਦੀ ਅੱਖ ਅਤੇ ਕੰਨ ਬਣ ਕੇ ਪੂਰੇ ਉਤਸ਼ਾਹ ਅਤੇ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ। ਇਸ ਮੌਕੇ ਉਨਾਂ ਜਿਥੇ ਸਬਜ਼ੀ ਅਤੇ ਫ਼ਲ ਵਿਕਰੇਤਾ ਰੇਹੜੀਆਂ, ਛੋਟੇ ਟੈਂਪੂ ਵਾਲਿਆਂ ਨਾਲ ਗੱਲਬਾਤ ਕਰਦਿਆਂ ਲੋੜ ਤੋਂ ਵੱਧ ਕੀਮਤ ਨਾ ਵਸੂਲਣ ਦੀ ਹਦਾਇਤ ਕੀਤੀ, ਉਥੇ ਸਿਵਲ ਡਿਫੈਂਸ ਦੇ ਵਲੰਟੀਅਰਾਂ ਨੂੰ ਲਗਾਤਾਰ ਵਾਰਡਾਂ ਦਾ ਦੌਰਾ ਯਕੀਨੀ ਬਣਾਉਣ ਲਈ ਵੀ ਕਿਹਾ, ਤਾਂ ਜੋ ਵਲੰਟੀਅਰਾਂ ਦੀ ਰਿਪੋਰਟ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।

Share this Article
Leave a comment