ਖ਼ਤਰਨਾਕ ਜਾਦੂ ਦਿਖਾਉਣ ਲਈ ਨਦੀ ‘ਚ ਉਤਰਿਆ ਮਸ਼ਹੂਰ ਜਾਦੂਗਰ ਹੋਇਆ ਗਾਇਬ, ਭਾਲ ਜਾਰੀ

TeamGlobalPunjab
2 Min Read

ਕੋਲਕਾਤਾ: ਕੁਝ ਵੱਖਰਾ ਤੇ ਨਵਾਂ ਕਰਨ ਦੀ ਕੋਸ਼ਿਸ਼ ‘ਚ ਕਈ ਬਾਰ ਇਨਸਾਨ ਕੁਦਰਤ ਦੇ ਨਿਯਮਾਂ ਨਾਲ ਮੁਕਾਬਲਾ ਕਰਨ ਨੂੰ ਤਿਆਰ ਹੋ ਜਾਂਦਾ ਹੈ ਤੇ ਖਤਰਨਾਕ ਤੋਂ ਖਤਰਨਾਕ ਸਟੰਟ ਕਰਨ ‘ਚ ਵੀ ਨਹੀਂ ਘਬਰਾਉਂਦਾ। ਪਰ ਕਦੇ-ਕਦੇ ਅਜਿਹਾ ਕਰ ਨਾ ਸਿਪਰਫ ਇਨਸਾਨ ਖੁਦ ਮੁਸੀਬਤ ‘ਚ ਫਸਦਾ ਹੈ ਸਗੋਂ ਆਪਣੇ ਪਰਿਵਾਰ ਲਈ ਪਰੇਸ਼ਾਨੀ ਬਣ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਕੋਲਕਾਤਾ ਤੋਂ ਜਿੱਥੇ ਪੱਛਮੀ ਬੰਗਾਲ ਦੇ ਮਸ਼ਹੂਰ ਜਾਦੂਗਰ ਚੰਚਲ ਲਾਹਿੜੀ ਖ਼ਤਰਨਾਕ ਜਾਦੂ ਦਿਖਾਉਣ ਦੇ ਚੱਕਰ ਵਿੱਚ ਗਾਇਬ ਹੋ ਗਿਆ।

ਜਾਣਕਾਰੀ ਅਨੁਸਾਰ ਲੋਕਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਲਾਹਿੜੀ ਸਟੰਟ ਵਿੱਚ ਨਾਕਾਮ ਰਿਹਾ ਤੇ ਐਤਵਾਰ ਨੂੰ ਕੋਲਕਾਤਾ ਵਿੱਚ ਹੁਗਲੀ ਨਦੀ ‘ਚ ਡੁੱਬ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਾਹਿੜੀ ਆਪਣੇ ਹੱਥ-ਪੈਰ ਸੰਗਲਾਂ ਨਾਲ ਬੰਨ੍ਹ ਕੇ ਕ੍ਰੇਨ ਦੀ ਸਹਾਇਤਾ ਨਾਲ ਨਦੀ ਵਿੱਚ ਚਲਾ ਗਿਆ। ਉਹ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਉਹ ਬਿਨ੍ਹਾਂ ਕਿਸੇ ਸਹਾਇਤਾ ਦੇ ਪਾਣੀ ‘ਚੋਂ ਬਾਹਰ ਆ ਸਕਦਾ ਹੈ, ਪਰ ਅਜਿਹਾ ਨਹੀਂ ਹੋਇਆ।

ਲਾਹਿੜੀ ਪੱਛਮੀ ਬੰਗਾਲ ਦੇ ਸੋਨਾਰਪੁਰ ਵਿੱਚ ਰਹਿੰਦਾ ਸੀ। ਹੁਗਲੀ ਨਦੀ ਵਿੱਚ ਉਤਰਨ ਤੋਂ ਬਾਅਦ ਉਹ ਲਾਪਤਾ ਹੈ। ਜਦੋਂ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਉਹ ਪਾਣੀ ‘ਚੋਂ ਬਾਹਰ ਨਹੀਂ ਨਿਕਲਿਆ ਤਾਂ ਦਰਸ਼ਕਾਂ ਨੇ ਪੁਲਿਸ ਨੂੰ ਫੋਨ ਕੀਤਾ। ਇਸ ਮਗਰੋਂ ਪੁਲਿਸ ਨੇ ਆਫਤ ਪ੍ਰਬੰਧਣ ਦੀ ਮਦਦ ਨਾਲ ਲਾਹਿੜੀ ਦਾ ਪਤਾ ਲਾਉਣ ਲਈ ਅਭਿਆਨ ਸ਼ੁਰੂ ਕੀਤਾ ਹੋਇਆ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਜਾਦੂਗਰ ਨੇ ਸਟੰਟ ਕਰਨ ਦੀ ਮਨਜ਼ੂਰੀ ਲਈ ਸੀ, ਪਰ ਉੱਥੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਨਹੀਂ ਸਨ।

ਦੱਸ ਦੇਈਏ ਇਸ ਤੋਂ ਪਹਿਲਾਂ ਵੀ ਕਈ ਵਾਰ ਲਾਹਿੜੀ ਇਸ ਤਰ੍ਹਾਂ ਦੇ ਸਟੰਟ ਵਿਖਾ ਚੁੱਕਿਆ ਸੀ ਇਹ ਪਹਿਲੀ ਵਾਰ ਨਹੀਂ ਸੀ। 41 ਸਾਲ ਦੇ ਲਾਹਿੜੀ ਨੇ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਕਰਤੱਬ ਦਿਖਾਏ ਸੀ। ਹਾਲਾਂਕਿ 2013 ਵਿੱਚ ਵੀ ਜਾਦੂ ਦਿਖਾਉਂਦਿਆਂ ਉਹ ਮੌਤ ਦੇ ਮੂੰਹ ਵਿੱਚ ਜਾਣ ਤੋਂ ਵਾਲ-ਵਾਲ ਬਚਿਆ ਸੀ।

Share this Article
Leave a comment