ਚੰਡੀਗੜ੍ਹ – ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਇਸ ਸੈਸ਼ਨ ਵਿੱਚ ਪੰਜਵੀਂ ਤੇ ਅੱਠਵੀਂ ਦੇ ਬੋਰਡ ਇਮਤਿਹਾਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦਾ ਐਲਾਨ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੀਤਾ ।
ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਮਹਾਂਮਾਰੀ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਪੜ੍ਹਾਈ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਸ ਨੂੰ ਵੇਖਦੇ ਹੋਏ ਉਨ੍ਹਾਂ ਦੀ ਸਰਕਾਰ ਨੇ ਇਹ ਫੇੈਸਲਾ ਲਿਆ ਹੈ ਕਿ ਇਸ ਵਾਰ ਪੰਜਵੀਂ ਅਤੇ ਅੱਠਵੀਂ ਕਲਾਸਾਂ ਦੇ ਬੋਰਡ ਦੇ ਇਮਤਿਹਾਨ ਨਾ ਲਏ ਜਾਣ। ਬੋਰਡ ਇਮਤਿਹਾਨਾਂ ਦੀ ਪ੍ਰਕਿਰਿਆ ਨੂੰ ਅਗਲੇ ਸਾਲ ਤੋਂ ਫੇਰ ਲਾਗੁੂ ਕਰ ਦਿੱਤਾ ਜਾਵੇਗਾ ਪਰ ਇਸ ਸਾਲ ਸਕੂਲਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਆਪਣੇ ਪੱਧਰ ਤੇ ਇਨ੍ਹਾਂ ਕਲਾਸਾਂ ਦੇ ਵਿਦਿਆਰਥੀਆਂ ਦੇ ਇਮਤਿਹਾਨ ਰੱਖਣ।
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਇਮਤਿਹਾਨ ਲਏ ਜਾਣ ਦੇ ਫੈਸਲੇ ਨੂੰ ਲੈ ਕੇ 25 ਫਰਵਰੀ ਨੂੰ ਇੱਕ ਬੈਠਕ ਬੁਲਾਈ ਗਈ ਹੇੈ ਪਰ ਹੁਣ ਵੇਖਣਾ ਹੋਵੇਗਾ ਕਿ ਉਸ ਮੀਟਿੰਗ ਦੀ ਲੋੜ ਹੈ ਵੀ ਜਾਂ ਨਹੀਂ। ਪਰ ਇਹ ਤੇੈਅ ਹੈ ਕਿ ਮੌਜੂਦਾ ਸੈਸ਼ਨ ਦੌਰਾਨ ਇਨ੍ਹਾਂ ਦੋ ਕਲਾਸਾਂ ਦੇ ਬੋਰਡ ਦੇ ਇਮਤਿਹਾਨ ਨਹੀਂ ਹੋਣਗੇ।
ਇਸ ਸਾਲ ਅਕਤੂਬਰ ਮਹੀਨੇ ‘ਚ ਭਿਵਾਨੀ ਬੋਰਡ ਵੱਲੋਂ ਇੱਕ ਪ੍ਰਸਤਾਵ ਭੇਜਿਆ ਗਿਆ ਸੀ ਜਿਸ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ‘ਚ ਅੱਠਵੀਂ ਅਤੇ ਦਸਵੀਂ ਕਲਾਸਾਂ ਦੇ ਬੋਰਡ ਦੇ ਇਮਤਿਹਾਨਾਂ ਲਈ ਤਜਵੀਜ਼ ਭੇਜੀ ਗਈ ਸੀ। ਜਨਵਰੀ 18 ਨੂੰ ਸਰਕਾਰ ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਸਿੱਖਿਆ ਦੇ ਅਧਿਕਾਰ ਨੂੰ ਲੈ ਕੇ ਬਣੇ ਐਕਟ ਬਾਰੇ ਗੱਲ ਕੀਤੀ ਗਈ ਸੀ ਤੇ ਇਸ ਮਾਮਲੇ ‘ਚ ਹਰਿਆਣਾ ਵਿੱਚ ਐਸਸੀਈਆਰਟੀ ਨੂੰ ਅਕੈਡਮਿਕ ਅਥਾਰਿਟੀ ਵਜੋਂ ਪੰਜਵੀਂ ਤੇ ਅੱਠਵੀਂ ਦੇ ਇਮਤਿਹਾਨ ਕਰਵਾਉਣ ਦੇ ਸਾਰੇ ਅਧਿਕਾਰ ਦੇ ਦਿੱਤੇ ਗਏ ਸਨ।
ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ ਮਾਪਿਆਂ ਤੇ ਵਿਦਿਆਰਥੀਆਂ ਵੱਲੋਂ ਲਗਾਤਾਰ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਸਨ ਕਿ ਇਸ ਸੈਸ਼ਨ ਵਿੱਚ ਬੋਰਡ ਇਮਤਿਹਾਨਾਂ ਨੂੰ ਕਰਵਾਉਣ ਤੋਂ ਖਾਰਜ ਕੀਤਾ ਜਾਵੇ। ਮਾਪਿਆਂ ਦਾ ਇਸ ਬਾਬਤ ਕਹਿਣਾ ਸੀ ਕਿ ਮਹਾਂਮਾਰੀ ਦੇ ਚੱਲਦੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਰੁਕਾਵਟ ਆਈ ਹੈ ਤੇ ਆਨਲਾਈਨ ਕਲਾਸਾਂ ਦੇ ਬਾਵਜੂਦ ਵੀ ਪੜ੍ਹਾਈ ਤੇ ਕਾਫੀ ਅਸਰ ਪਿਆ ਹੈ ਜਿਸ ਨੂੰ ਪੂਰਾ ਕਰਨ ਦੀ ਅਜੇ ਵਿਦਿਆਰਥੀ ਕੋਸ਼ਿਸ਼ ਕਰ ਰਹੇ ਹਨ।