‘ਸੋਸ਼ਲ ਮੀਡੀਆ ਉਨਾ ਕੁ ਹੀ ਲੋਕਾਂ ਦਾ ਹੈ, ਜਿੰਨਾ ਕੁ ਲੋਕਤੰਤਰ ਲੋਕਾਂ ਦਾ ਹੈ’

TeamGlobalPunjab
5 Min Read

ਚੰਡੀਗੜ੍ਹ, (ਅਵਤਾਰ ਸਿੰਘ) : ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਨੇ ਭੱਖਦੇ ਅਤੇ ਲੋਕ ਹਿਤੈਸ਼ੀ ਵਿਸ਼ਿਆਂ ਤੇ ਵਿਚਾਰ ਚਰਚਾ ਦੀ ਲੜੀ ਤਹਿਤ ਸੋਸ਼ਲ ਮੀਡੀਆ- ਕਿੰਨਾ ਕੁ ਲੋਕਾਂ ਦਾ? ਵਿਸ਼ੇ ‘ਤੇ ਵੈਬੀਨਾਰ ਕਰਵਾਇਆ। ਇਸ ਵਿੱਚ ਮੁੱਖ ਬੁਲਾਰੇ ਸਮਾਜੀ ਕਾਰਕੁਨ ਤੇ ਚਿੰਤਕ ਰਾਜਪਾਲ ਸਿੰਘ ਨੇ ਦੱਸਿਆ ਕਿ ਮੀਡੀਆ ਬਹੁਤ ਥੋੜੇ ਸਮੇਂ ਵਿੱਚ ਛਾ ਗਿਆ ਹੈ। ਇਹ ਜਾਣਕਾਰੀ ਪ੍ਰਾਪਤ ਕਰਨ ਅਤੇ ਇੱਕ ਦੂਸਰੇ ਨਾਲ ਸੰਸਾਰ ਪੱਧਰ ‘ਤੇ ਜੋੜਨ ਦਾ ਮੁੱਖ ਸਾਧਨ ਬਣ ਗਿਆ ਹੈ। ਸੰਚਾਰ ਦੇ ਹੋਰ ਸਾਧਨਾਂ ਤੇ ਸਰਕਾਰ ਬੜੀ ਅਸਾਨੀ ਨਾਲ ਕੰਟਰੋਲ ਕਰ ਸਕਦੀ ਹੈ। ਪਰ ਸੋਸ਼ਲ ਮੀਡੀਆ ਤੇ ਕੰਟਰੋਲ ਕਰਨਾ ਇੰਨਾ ਸੌਖਾ ਨਹੀਂ ਹੈ। ਇਸ ਲਈ ਇਸ ਤੇ ਹਰ ਤਰ੍ਹਾਂ ਦੇ ਵਿਚਾਰ ਵਿਅਕਤ ਹੋ ਰਹੇ ਹਨ। ਉਹਨਾ ਇਹ ਤੱਥ ਨੂੰ ਉਘਾੜਿਆ ਕਿ ਸੋਸ਼ਲ ਮੀਡੀਆ ਉਨ੍ਹਾਂ ਕੁ ਹੀ ਲੋਕਾਂ ਦਾ ਹੈ ਜਿੰਨਾ ਕਿ ਲੋਕਤੰਤਰ ਲੋਕਾਂ ਦਾ ਹੈ। ਸੋਸ਼ਲ ਮੀਡੀਆ ਨੂੰ ਰਾਜਨੀਤਿਕ ਜਾਂ ਭਾਰੂ ਧਿਰਾਂ ਆਪਣੇ ਹੱਕ ਵਿੱਚ ਅਗਵਾ ਕਰਕੇ ਭੁਗਤਾ ਰਹੀਆਂ ਹਨ। ਇਸ ਵਿੱਚ ਕੀ ਵਿਚਾਰ ਭਰਨੇ ਹਨ, ਉਹ ਇਸਨੂੰ ਕਿਵੇਂ ਆਪਣੇ ਹੱਕ ਵਿੱਚ ਵਰਤ ਸਕਦੇ ਹਨ, ਇਸਤੇ ਉਹ ਕੰਟਰੋਲ ਰੱਖਦੇ ਹਨ। ਭਾਵੇਂ ਇਹ ਜਾਣਕਾਰੀ ਲਈ ਸਹੀ ਸਾਧਨ ਹੈ ਪਰ ਇਸ ਤੇ ਗਲਤ ਜਾਣਕਾਰੀ ਤੇ ਗੁਮਰਾਹਕੁਨ ਹੀ ਭਰੀ ਜਾਂਦੀ ਹੀ ਇਸਨੂੰ ਕੰਟਰੋਲ ਕਰਨ ਲਈ ਇਸਦੇ ਮੁਕਬਾਲੇ ਦੇ ਸਾਧਨ ਲਭਣੇ ਪੈਣਗੇ। ਮੀਡੀਆ ਤੇ ਸੰਤੁਲਨ ਗੱਲ ਕਰਨ ਵਾਲੇ ਨੂੰ ਦਬਾਇਆ ਜਾਂਦਾ ਹੈ ਅਤੇ ਕੇਸ ਰਜਿਸਟਰ ਕੀਤੇ ਜਾਂਦੇ ਹਨ। ਉਹਨਾ ਨੇ ਬਹੁਤ ਸਾਰੀਆਂ ਉਦਾਹਰਨਾਂ ਦੇ ਕੇ ਆਪਣੇ ਵਿਚਾਰਾਂ ਨੂੰ ਸਿੱਧ ਕੀਤਾ । ਉਹਨਾ ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ਬਾਰੇ ਹੋਈ ਚਰਚਾ ਬਾਰੇ ਵੀ ਗੱਲ ਕੀਤੀ ਕਿ ਉਸ ਦੇ ਤੱਥਾਂ ਨੂੰ ਮੀਡੀਆ ਵਿੱਚ ਗਲਤ ਤਰੀਕੇ ਨਾਲ ਉਭਾਰਿਆ ਗਿਆ। ਇਹ ਸਭ ਕੁਝ ਜਾਣਬੁੱਝ ਕੇ ਕੀਤਾ ਜਾਂਦਾ ਹੈ। ਉਹਨਾ ਇਹ ਵੀ ਦਸਿਆ ਕਿ ਫੇਸ ਬੁੱਕ ਦਾ ਹੈੱਡ ਅਣਖੀਦਾਸ ਵੀ ਇੱਕ ਖ਼ਾਸ ਪਾਰਟੀ ਦਾ ਪੱਖ ਪੂਰਦਾ ਸੀ।
ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ਵਿੱਚ ਕਰਵਾਏ ਗਏ ਵੈਬੀਨਾਰ ‘ਚ ਇਸੇ ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਸਿਆਸੀ ਕਾਰਕੁਨ ਕੰਵਲਜੀਤ ਦਸਿਆ ਕਿ ਸੋਸ਼ਲ ਮੀਡੀਆ ਸਮਾਜ ਵਿੱਚ ਹੋ ਰਹੀਆਂ ਬਦਲਾਵਾਂ ਨੂੰ ਵਿਅਕਤ ਕਰਦਾ ਹੈ। ਇਸ ਮੀਡੀਆ ਤੇ ਲੋਕ ਇੱਕ ਤਰ੍ਹਾਂ ਨਾਲ ਇੱਕ ਦੂਸਰੇ ਦੀਆਂ ਚੁਗਲੀਆਂ ਕਰਦੇ ਹਨ। ਇਸਦਾ ਇਸਤੇਮਾਲ ਠੀਕ ਤਰੀਕੇ ਨਾਲ ਹੋਣਾ ਚਾਹੀਦਾ ਹੈ ਤਾਂ ਹੀ ਇਹ ਲੋਕ-ਹਿਤੈਸ਼ੀ ਹੋ ਸਕਦਾ ਹੈ। ਜੀ.ਐਸ. ਗੁਰਦਿੱਤ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਚੰਗੇ ਪੜ੍ਹੇ -ਲਿਖੇ ਲੋਕ ਵੀ ਅਨਪੜ੍ਹਾਂ ਵਾਲਾ ਵਰਤਾ ਕਰਦੇ ਦੇਖੇ ਗਏ ਹਨ। ਜਾਣਕਾਰੀ ਘੱਟ ਹੋਣ ਕਰਕੇ ਜਾਂ ਜਾਣਬੁੱਝ ਕੇ ਉਹ ਇਸ ਦਾ ਗਲਤ ਇਸਤੇਮਾਲ ਕਰਦੇ ਹਨ। ਡਾ: ਹਰਜਿੰਦਰ ਵਾਲੀਆ ਨੇ ਕਿਹਾ ਕਿ ਸਾਰੀ ਤਰ੍ਹਾਂ ਦਾ ਮੀਡੀਆ ਹੁਣ ਇਕੱਠਾ ਹੋ ਗਿਆ ਹੈ। ਇਸ ਉਤੇ ਪੇਡ-ਜਰਨਲਿਜ਼ਮ ਵੀ ਹੁੰਦਾ ਹੈ। ਉਹ ਲੋਕ ਆਪਣੀ ਜਾਂ ਆਪਣੇ ਮਾਲਕ ਦੀ ਗੱਲ ਹੀ ਲੋਕਾਂ ਤੇ ਥੋਪਣਾ ਚਾਹੁੰਦੇ ਹਨ। ਉਹਨਾ ਨੇ ਮੀਡੀਆ ਨੂੰ ਪਿੰਡਾਂ ਦੀ ਸੱਥ ਨਾਲ ਤੁਲਨਾ ਕੀਤੀ। ਇਹ ਕਿਸੇ ਦੇ ਹੱਕ ਵਿੱਚ ਜਾਂ ਵਿਰੋਧ ਵਿੱਚ ਹਵਾ ਬੁਝਾਉਣ ਵਿੱਚ ਵੱਡਾ ਰੋਲ ਅਦਾ ਕਰਦਾ ਹੈ। ਡਾ: ਆਸਾ ਸਿੰਘ ਘੁੰਮਣ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਸੋਸ਼ਲ ਕੰਟਰੋਲ ਲਾਪਤਾ ਹੋ ਗਿਆ ਹੈ। ਮਾੜੇ ਸ਼ਬਦ ਵਰਤਣ ਵੇਲੇ ਕੋਈ ਸ਼ਰਮ ਮਹਿਸੂਸ ਨਹੀਂ ਕਰਦਾ। ਗੈਰ-ਜ਼ਿੰਮੇਵਾਰ ਤਰੀਕੇ ਨਾਲ ਗਾਲਾਂ ਵੀ ਕੱਢੀਆਂ ਜਾਂਦੀਆਂ ਹਨ। ਮਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਸੋਸ਼ਲ ਮੀਡੀਆ ਵੱਡਾ ਹਥਿਆਰ ਹੈ। ਇਸਦੇ ਪ੍ਰਤੀ ਲੋਕਾਂ ਦੀ ਸੰਤੁਲਤ ਸੋਚ ਬਣਨੀ ਚਾਹੀਦੀ ਹੈ। ਇਸੇ ਤਰ੍ਹਾਂ ਕੇਹਰ ਸ਼ਰੀਫ਼ ਨੇ ਕਿਹਾ ਕਿ ਸਾਨੂੰ ਆਪਣੀ ਭਾਸ਼ਾ ਦੀ ਇਜ਼ਤ ਕਰਨੀ ਚਾਹੀਦੀ ਹੈ ਤੇ ਇਸਦੀ ਸੋਸ਼ਲ ਮੀਡੀਆ ਤੇ ਮਾੜੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ। ਪਰਵਿੰਦਰਜੀਤ ਸਿੰਘ ਨੇ ਸਾਈਵਰ ਕਰਾਈਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਬਾਰੇ ਕੋਈ ਸਖ਼ਤ ਕਾਨੂੰਨ ਨਹੀਂ ਹਨ। ਸਖ਼ਤ ਕਾਨੂੰਨ ਬਣਨੇ ਚਾਹੀਦੇ ਹਨ। ਰਵਿੰਦਰ ਸਹਿਰਾਅ ਨੇ ਕਿਹਾ ਕਿ ਸੋਸ਼ਲ ਮੀਡੀਆ ਦੀ ਵਪਾਰੀ ਵਰਗ ਜਿਆਦਾ ਵਰਤੋਂ ਕਰਦੇ ਹਨ। ਇਸਤੇ ਜ਼ਾਹਲਸਾਜੀ ਬਹੁਤ ਹੋ ਰਹੀ ਹੈ। ਲੋਕਾਂ ਦੇ ਅਕਾਊਂਟ ਹੈੱਕ ਕਰਕੇ ਲੋਕ ਆਰਥਿਕ ਨੁਕਸਾਨ ਪਹੁੰਚਾ ਰਹੇ ਹਨ। ਇਸਨੂੰ ਸਹੀ ਤਰੀਕੇ ਨਾਲ ਹੀ ਵਰਤਣਾ ਚਾਹੀਦਾ ਹੈ। ਦਰਸ਼ਨ ਸਿੰਘ ਰਿਆੜ, ਰਵਿੰਦਰ ਚੋਟ ਅਤੇ ਵਰਿੰਦਰ ਸ਼ਰਮਾ ਨੇ ਕਿਹਾ ਕਿ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਇਹ ਸੌਖਾ ਤੇ ਸਸਤਾ ਸਾਧਨ ਹੈ। ਸ਼੍ਰੀ ਰਾਜਪਾਲ ਨੇ ਉਠਾਏ ਗਏ ਸਵਾਲਾਂ ਦੇ ਜਵਾਬ ਦਿੱਤੇ ਅਤੇ ਅੰਤ ਵਿੱਚ ਮੰਚ ਦੇ ਜਨਰਲ ਸਕੱਤਰ ਗੁਰਚਰਨ ਨੂਰਪੁਰ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਵੈਬੀਨਾਰ ਵਿੱਚ ਹੋਰਨਾਂ ਤੋਂ ਬਿਨ੍ਹਾਂ ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਸੁਖਦੇਵ ਸਿੰਘ ਗੰਢਵਾਂ, ਮਨਦੀਪ ਸਿੰਘ, ਮਲਕੀਤ ਸਿੰਘ ਅੱਪਰਾ, ਬੇਅੰਤ ਕੌਰ ਗਿੱਲ, ਐਡਵੋਕੇਟ ਸੰਤੋਖ ਲਾਲ ਵਿਰਦੀ, ਕੇ.ਜਵੰਦਾ ਕੈਨੇਡਾ, ਸੀਤਲ ਰਾਮ ਬੰਗਾ, ਬੰਸੋ ਦੇਵੀ, ਸੰਤੋਸ਼ ਕੁਮਾਰੀ, ਡਾ: ਚਰਨਜੀਤ ਸਿੰਘ ਗੁਮਟਾਲਾ ਅਤੇ ਦੇਵਿੰਦਰਪੁਰੀ ਵੀ ਹਾਜ਼ਰ ਸਨ।

Share this Article
Leave a comment