ਚੰਡੀਗੜ੍ਹ (ਅਵਤਾਰ ਸਿੰਘ) : ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਧੀਨ ਆਉਂਦੇ ਰੀਜਨਲ ਆਊਟਰੀਚ ਬਿਊਰੋ (ਆਰਓਬੀ), ਚੰਡੀਗੜ੍ਹ ਵੱਲੋਂ 12 ਜੁਲਾਈ ਤੋਂ ਲੈ ਕੇ 16 ਜੁਲਾਈ ਤੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਨੂੰ ਕੋਵਿਡ–19 ਟੀਕਾਕਰਣ ਬਾਰੇ ਪ੍ਰੇਰਿਤ ਕਰਨ ਲਈ ਪੰਜ–ਦਿਨਾ ਦੀ ਮੋਬਾਇਲ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।
ਇਹ ਮੁਹਿੰਮ ਸੋਮਵਾਰ ਨੂੰ ਨਗਰ ਨਿਗਮ ਚੰਡੀਗੜ੍ਹ (ਐੱਮਸੀਸੀ) ਦੇ ਮੇਅਰ ਰਵੀ ਕਾਂਤ ਸ਼ਰਮਾ ਅਤੇ ਸੀਨੀਅਰ ਡਿਪਟੀ ਮੇਅਰ ਮਹੇਸ਼ਇੰਦਰ ਸਿੱਧੂ ਵੱਲੋਂ ਚੰਡੀਗੜ੍ਹ ਦੇ ਕੇਂਦਰੀ ਸਦਨ ਤੋਂ ਇੱਕ ਮੋਬਾਇਲ ਵੈਨ ਨੂੰ ਝੰਡੀ ਵਿਖਾਉਣ ਨਾਲ ਸ਼ੁਰੂ ਹੋ ਜਾਵੇਗੀ।
ਕੇਂਦਰੀ ਸਦਨ ਦੇ ਕਾਨਫ਼ਰੰਸ ਹਾਲ ਵਿੱਚ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਇੱਕ–ਦਿਨਾ ਮੁਫ਼ਤ ਟੀਕਾਕਰਣ ਕੈਂਪ ਲਾਇਆ ਜਾਵੇਗਾ। ਇਹ ਜਾਗਰੂਕਤਾ ਵੈਨ ਇਸ ਮੁਹਿੰਮ ਦੇ ਸਮੇਂ ਦੌਰਾਨ ਚੰਡੀਗੜ੍ਹ ਦੇ ਵਿਭਿੰਨ ਸੈਕਟਰਾਂ ਦੇ ਨਾਲ–ਨਾਲ ਸਾਰੇ ਦਿਹਾਤੀ ਖੇਤਰਾਂ ਤੇ ਕਾਲੋਨੀਆਂ ਨੂੰ ਕਵਰ ਕਰੇਗੀ।
ਇਸ ਮੁਹਿੰਮ ਦੇ ਹਿੱਸੇ ਵਜੋਂ ਆਰਓਬੀ, ਚੰਡੀਗੜ੍ਹ ਨੇ ਸੋਮਵਾਰ ਸ਼ਾਮੀਂ 6:30 ਵਜੇ ਸੁਖਨਾ ਝੀਲ ਉੱਤੇ ਆਪਣੇ ਕਲਾਕਾਰਾਂ ਨਾਲ ਇੱਕ ਨੁੱਕੜ–ਨਾਟਕ ਵੀ ਯੋਜਨਾਬੱਧ ਕੀਤਾ ਹੈ।