ਲੁਧਿਆਣਾ : ਹਰ ਦਿਨ ਸੋਸ਼ਲ ਮੀਡੀਆ ‘ਤੇ ਕਿਸੇ ਨਾ ਕਿਸੇ ਸਿਆਸਤਦਾਨ ਦੀ ਜਾਂ ਫਿਰ ਕਿਸੇ ਆਮ ਇਨਸਾਨ ਦੀ ਫਨੀ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ। ਜਿਸ ਦੇ ਚਲਦਿਆਂ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੀ ਇੱਕ ਅਜਿਹੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਸੁਖਬੀਰ ਬਾਦਲ ਨੂੰ ਸ਼ਰਾਬੀ ਦੇ ਕਿਰਦਾਰ ਵਿੱਚ ਦਿਖਾਇਆ ਗਿਆ ਸੀ। ਇਸ ਤੋਂ ਬਾਅਦ ਇਹ ਦੋਸ਼ ਹੈ ਕਿ ਇਹ ਵੀਡੀਓ ਫਿਰੋਜ਼ਪੁਰ ਦੇ ਪਿੰਡ ਘੱਲ ਕਲਾਂ ਦੇ ਰਹਿਣ ਵਾਲੇ ਐਸਐਚਓ ਜਗਤਾਰ ਸਿੰਘ ਸੰਧੂ ਨੇ ਇਸ ਵੀਡੀਓ ਨੂੰ ਗਰੁੱਪਾਂ ਵਿੱਚ ਸਾਂਝਾ ਕੀਤਾ ਸੀ ਜਿਸ ਤੋਂ ਬਾਅਦ ਪਾਰਟੀ ਨੇ ਸੰਧੂ ਖਿਲਾਫ ਸਖਤ ਰੁੱਖ ਅਖਤਿਆਰ ਕਰ ਲਿਆ ਹੈ।
ਅਕਾਲੀ ਦਲ ਵੱਲੋਂ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦਿਆਂ ਸੰਧੂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਜਾਣਕਾਰੀ ਅਕਾਲੀ ਦਲ ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਗੋਸ਼ਾ ਨੇ ਦੱਸਿਆ ਕਿ ਐਸਐਚਓ ਜਗਤਾਰ ਸਿੰਘ ਸੰਧੂ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ ਉਹ ਵੀਡੀਓ ਜਿਹੜੀ ਕਿ ਡਬ ਕੀਤੀ ਗਈ ਸੀ ਨੂੰ ਗਰੁੱਪਾਂ ‘ਚ ਸਾਂਝਾ ਕੀਤਾ ਸੀ। ਗੋਸ਼ਾ ਨੇ ਕਿਹਾ ਕਿ ਇਸ ਗੱਲ ਦਾ ਸਭ ਨੂੰ ਪਤਾ ਹੈ ਕਿ ਸੁਖਬੀਰ ਬਾਦਲ ਅੰਮ੍ਰਿਤਧਾਰੀ ਹਨ ਪਰ ਇਸ ਪੋਸਟ ਵਿੱਚ ਉਨ੍ਹਾਂ ਨੂੰ ਬਹੁਤ ਜਿਆਦਾ ਸ਼ਰਾਬ ਪੀਂਦੇ ਦਿਖਾਇਆ ਹੈ। ਗੋਸ਼ਾ ਨੇ ਕਿਹਾ ਕਿ ਪਹਿਲਾਂ ਵੀ ਇੱਕ ਅਜਿਹੀ ਹੀ ਵੀਡੀਓ ਵਾਇਰਲ ਹੋਈ ਸੀ ਅਤੇ ਜਾਂਚ ਦੌਰਾਨ ਜਿਸ ਵਿਅਕਤੀ ਨੇ ਵੀਡੀਓ ਵਾਇਰਲ ਕੀਤੀ ਸੀ ਉਹ ਆਮ ਆਦਮੀ ਪਾਰਟੀ ਦਾ ਵਰਕਰ ਨਿੱਕਲਿਆ। ਗੋਸ਼ਾ ਅਨੁਸਾਰ ਉਸ ਵਿਅਕਤੀ ਨੇ ਉਦੋਂ ਕਿਹਾ ਸੀ ਕਿ ਉਸ ਨੇ ਇਹ ਵੀਡੀਓ ਆਪ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਕਹਿਣ ‘ਤੇ ਕੀਤੀ ਸੀ।
ਗੁਰਦੀਪ ਗੋਸ਼ਾ ਨੇ ਕਿਹਾ ਕਿ ਇੱਕ ਐਸਐਚਓ ਵੱਲੋਂ ਅਜਿਹੀ ਪੋਸਟ ਪਾਉਣਾ ਕਾਂਗਰਸ ਦੀ ਮਾਨਸਿਕਤਾ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਧਾਰਮਿਕ ਤੌਰ ‘ਤੇ ਵੱਡੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਇਸੇ ਕਰਕੇ ਉਨ੍ਹਾਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ ਕਿ ਸੰਧੂ ਖਿਲਾਫ ਐਫਆਈਆਰ ਦਰਜ ਕੀਤੀ ਜਾ ਸਕੇ।