ਚੰਡੀਗੜ੍ਹ : ਬਜਟ ਇਜਲਾਸ ਦੌਰਾਨ ਮੰਗਲਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਸਿਫ਼ਰ ਕਾਲ ਦੌਰਾਨ ਕਈ ਅਹਿਮ ਮੁੱਦੇ ਉਠਾਏ। ਪ੍ਰੋ. ਬਲਜਿੰਦਰ ਕੌਰ ਨੇ ਤਲਵੰਡੀ ਸਾਬੋ ਹਲਕੇ ‘ਚ ਵਿਕਾਸ ਕਾਰਜਾਂ ਲਈ ਆਏ ਕਰੋੜਾਂ ਰੁਪਏ ਸਹੀ ਤਰੀਕੇ ਨਾਲ ਨਾ ਲੱਗਣ ਦਾ ਮਸਲਾ ਧਿਆਨ ‘ਚ ਲਿਆਉਂਦੇ ਹੋਏ ਪੁੱਛਿਆ ਕਿ ਇਹ ਪੈਸਾ ਲੱਗ ਕਿਥੇ ਰਿਹਾ ਹੈ? ਕਿਉਂਕਿ ਸੜਕਾਂ ਨਹੀਂ ਬਣੀਆਂ। ਉਨ੍ਹਾਂ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਬਤੌਰ ਸੰਸਦ ਮੈਂਬਰ 238 ਕਿੱਲੋਮੀਟਰ ਗ੍ਰਾਮੀਣ ਸੜਕਾਂ ਦਾ ਪ੍ਰੋਜੈਕਟ ਲਿਆ ਸਕਦੇ ਹਨ ਤਾਂ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਅਜਿਹਾ ਕਿਉਂ ਨਹੀਂ ਕਰ ਸਕਦੇ?
ਜਗਰਾਓ ਤੋਂ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਸਰਕਾਰ ਦੇ ਮਹਿਮਾਨਨਿਵਾਜ਼ੀ ਵਿਭਾਗ ਵੱਲੋਂ ਪੰਜਾਬ ਭਵਨ ਦਿੱਲੀ ‘ਚ ਵਿਧਾਇਕਾ ਨੂੰ ਕਮਰੇ ਨਾ ਮਿਲਣ ਦਾ ਮੁੱਦਾ ਉਠਾਇਆ। ਜਿਸ ਉਪਰੰਤ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਵਿਧਾਇਕ ਨੇ ਇਕਸੁਰ ਹੋ ਕੇ ਅਫ਼ਸਰਸ਼ਾਹੀ ਨੂੰ ਕੋਸਿਆ। ਸਪੀਕਰ ਰਾਣਾ ਕੇਪੀ ਸਿੰਘ ਨੇ ਵੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਅਤੇ ਆਉਂਦੇ ਦਿਨਾਂ ‘ਚ ਮੁੱਖ ਸਕੱਤਰ ਸਮੇਤ ਸਾਰੇ ਅਫ਼ਸਰਾਂ ਨੂੰ ਤਲਬ ਕਰਨ ਦਾ ਐਲਾਨ ਕੀਤਾ। ਜਦਕਿ ਸੰਸਦੀ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਕੋਤਾਹੀ ਕਰਨ ਵਾਲੇ ਅਫ਼ਸਰਾਂ ‘ਤੇ ਕਾਰਵਾਈ ਦਾ ਭਰੋਸਾ ਦਿੱਤਾ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪਾਤੜਾਂ ‘ਚ ਸਥਿਤ ਪਿਕਾਡਲੀ ਸ਼ੂਗਰ ਮਿੱਲ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਇਸ ਨਾਲ ਇਲਾਕੇ ਦੇ ਪਿੰਡਾਂ ‘ਚ ਕੈਂਸਰ ਦੀ ਬਿਮਾਰੀ ਫੈਲ ਰਹੀ ਹੈ। ਕੌਮੀ ਗ੍ਰੀਨ ਟ੍ਰਿਬਿਊਨਲ ਵੱਲੋਂ ਇਸ ਖੰਡ ਮਿਲ ਦਾ ਕੁਨੈਕਸ਼ਨ ਕੱਟੇ ਜਾਣ ਦੇ ਨਿਰਦੇਸ਼ਾਂ ਦੇ ਬਾਵਜੂਦ ਇਸ ਖੰਡ ਮਿੱਲ ਦਾ ਕੁਨੈਕਸ਼ਨ ਫਿਰ ਜੋੜ ਦਿੱਤਾ ਹੈ। ਉਨ੍ਹਾਂ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕੀਤੀ। ਚੀਮਾ ਨੇ ਟਰਾਂਸਪੋਰਟ ਮਾਫ਼ੀਆ ਅਤੇ ਨਸ਼ਾ ਮਾਫ਼ੀਆ ਦਾ ਵੀ ਮੁੱਦਾ ਉਠਾਇਆ।
ਅਮਨ ਅਰੋੜਾ ਨੇ ਸੂਬਾ ਸਰਕਾਰ ਵੱਲੋਂ 2500 ਐਸੋਸੀਏਟ ਸਕੂਲਾਂ ਨੂੰ ਅਗਲੇ ਸਾਲ ਲਈ ਮਨਜ਼ੂਰੀ ਨਾ ਦਿੱਤੇ ਜਾਣ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਇਸ ਫ਼ੈਸਲੇ ਨਾਲ 5 ਲੱਖ ਵਿਦਿਆਰਥੀ ਅਤੇ ਕਰੀਬ 25 ਹਜ਼ਾਰ ਅਧਿਆਪਕ ਬੁਰੀ ਤਰਾਂ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ‘ਚ 90 ਪ੍ਰਤੀਸ਼ਤ ਵਿਦਿਆਰਥੀ ਦਲਿਤ ਪਰਿਵਾਰਾਂ ਨਾਲ ਸੰਬੰਧਿਤ ਹਨ। ਇਸ ਲਈ ਇਹਨਾਂ ਸਕੂਲਾਂ ਨੂੰ ਬੰਦ ਨਹੀਂ ਕਰਨਾ ਚਾਹੀਦਾ।