ਮੋਹਾਲੀ: ਨਾਭਾ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਜੇਲ੍ਹ ਵਿੱਚ ਗੁਰਬਾਣੀ ਪੋਥੀਆਂ ਦੀ ਕੀਤੀ ਬੇਅਦਬੀ ਖਿਲਾਫ ਬੰਦੀ ਸਿੰਘਾਂ ਵੱਲੋਂ ਜੇਲ੍ਹ ਪ੍ਰਸ਼ਾਸ਼ਨ ਨੂੰ ਅਲਟੀਮੇਟਮ ਦਿੱਤਾ ਹੈ। ਜੇਕਰ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਬੇਅਦਬੀ ਦੀ ਮਾਫੀ ਨਾ ਮੰਗੀ ਗਈ ਤਾਂ ਬੰਦੀ ਸਿੰਘਾਂ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਗ੍ਰਿਫਤਾਰ ਭਾਈ ਹਾਰਬ੍ਰਿੰਦੇਰ ਸਿੰਘ ਅਤੇ ਸਾਥੀ ਕੇਸ ਵਾਰ ਨੇ ਪੇਸ਼ੀ ਭੁਗਤਣ ਦੋਰਾਨ ਅਪਣੇ ਵਕੀਲ ਕੁਲਵਿੰਦਰ ਕੌਰ ਰਾਹੀਂ ਮੀਡੀਆ ਨੂੰ ਸੌਂਪੇ ਪ੍ਰੈੱਸ ਨੋਟ ਵਿੱਚ ਕਿਹਾ ।
ਵਕੀਲ ਕੁਲਵਿੰਦਰ ਕੌਰ ਨੇ ਦੱਸਿਆ ਕੇ ਸਮੂਹ ਬੰਦੀ ਸਿੰਘ ਨਾਭਾ ਜੇਲ੍ਹ ਵੱਲੋਂ ਜਾਰੀ ਬਿਆਨ ਵਿਚ ਕਿਹਾ ਹੈ ਕਿ ਨਾਭਾ ਜੇਲ੍ਹ ਦਾ ਡਿਪਟੀ ਸੁਪਰਡੈਂਟ ਗੁਰਪ੍ਰੀਤ ਸਿੰਘ ਨੇ ਬੰਦੀ ਸਿੰਘਾਂ ਲਈ ਸੰਗਤ ਵੱਲੋਂ ਭੇਜੀਆਂ ਗੁਰਬਾਣੀ ਦੀਆਂ ਭੇਜੀਆਂ ਪੋਥੀਆਂ ਦੀ ਬੇਅਦਬੀ ਕੀਤੀ ਗਈ ਹੈ। ਕੁਝ ਦਿਨ ਪਹਿਲਾਂ ਸੰਗਤ ਵੱਲੋਂ ਬੰਦੀ ਸਿੰਘਾਂ ਲਈ ਪੋਥੀਆਂ ਭੇਜੀਆਂ ਗਈਆਂ ਸਨ ਪਰ ਡਿਪਟੀ ਸੁਪਰਡੈਂਟ ਵੱਲੋਂ ਪੋਥੀਆਂ ਸਿੰਘਾਂ ਨੂੰ ਸੋਪਣ ਦੀ ਬਜਾਏ ਆਪਣੇ ਦਫਤਰ ਵਿਚ ਰੱਖ ਲਈਆਂ। ਬੰਦੀ ਸਿੰਘਾਂ ਵੱਲੋਂ ਵਾਰ ਵਾਰ ਦਫਤਰ ਦੇ ਚੱਕਰ ਲਾਏ ਗਏ ਪਰ ਡਿਪਟੀ ਸੁਪਰਡੈਂਟ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿੱਚ ਬੰਦੀ ਸਿੰਘ ਕਿਸੇ ਤਰ੍ਹਾਂ ਦਫਤਰ ਵਿੱਚ ਪਹੁੰਚੇ ਤਾਂ ਦੇਖਿਆ ਕਿ ਡਿਪਟੀ ਸੁਪਰਡੈਂਟ ਵੱਲੋਂ ਪੋਥੀਆਂ ਨੂੰ ਅਲਮਾਰੀ ਉੱਪਰ ਗੰਦੀ ਥਾਂ ਤੇ ਰੱਖਿਆ ਗਿਆ ਸੀ।
ਬੰਦੀ ਸਿੰਘਾਂ ਵੱਲੋਂ ਬਾਅਦ ਵਿੱਚ ਪੋਥੀਆਂ ਨੂੰ ਸਤਿਕਾਰ ਸਹਿਤ ਜੇਲ ਗੁਰਦੁਆਰਾ ਸਾਹਿਬ ਵਿਖੇ ਸ਼ਸ਼ੋਭਿਤ ਕੀਤਾ ਗਿਆ ਅਤੇ ਬੰਦੀ ਸਿੰਘਾਂ ਵੱਲੋਂ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜੇਕਰ ਆਉਦੇ ਸ਼ਨੀਵਾਰ ਤੱਕ ਬੇਅਦਬੀ ਦੇ ਦੋਸ਼ੀ ਡਿਪਟੀ ਸੁਪਰਡੈਂਟ ਅਤੇ ਹੋਰ ਅਧਿਕਾਰੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਪੇਸ਼ ਹੋ ਕੇ ਮਾਫੀ ਨਾ ਮੰਗੀ ਤਾਂ ਸਮੂਹ ਬੰਦੀ ਸਿੰਘਾਂ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ ਡਿਪਟੀ ਸੁਪਰਡੈਂਟ ਗੁਰਪ੍ਰੀਤ ਸਿੰਘ ਹਮੇਸ਼ਾ ਹੀ ਬੰਦੀ ਸਿੰਘਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਅਤੇ ਰਾਤ ਨੂੰ 12 ਵਜੇ ਤਲਾਸ਼ੀ ਬਹਾਨੇ ਬੰਦੀ ਸਿੰਘਾਂ ਨੂੰ ਚੱਕੀਆਂ ਤੋਂ ਬਾਹਰ ਕੱਢ ਕੇ ਖੜ੍ਹੇ ਕਰੀ ਰੱਖਦਾ ਹੈ।
ਪ੍ਰੈਸ ਨੋਟ ਉੱਤੇ ਦਸਤਖਤ ਕਰਨ ਵਾਲਿਆਂ ਵਿੱਚ ਰਮਨਦੀਪ ਸਿੰਘ, ਸਤਨਾਮ ਸਿੰਘ, ਗੁਰਸੇਵਕ ਸਿੰਘ, ਅਰਵਿੰਦਰ ਸਿੰਘ, ਸੁਰਜੀਤ ਸਿੰਘ, ਪਰਮਿੰਦਰ ਸਿੰਘ, ਮਨਿੰਦਰ ਸਿੰਘ, ਨਿਹਾਲ ਸਿੰਘ, ਸੁਲਤਾਨ ਸਿੰਘ, ਰਣਜੀਤ ਸਿੰਘ, ਅਸ਼ੋਕ ਕੁਮਾਰ, ਬਲਵੀਰ ਸਿੰਘ, ਗੁਰਦੇਵ ਸਿੰਘ, ਰਣਦੀਪ ਸਿੰਘ, ਸਤਿੰਦਰਜੀਤ ਸਿੰਘ, ਜਰਨੈਲ ਸਿੰਘ, ਮਾਨ ਸਿੰਘ, ਗੁਰਪ੍ਰੀਤ ਸਿੰਘ, ਲਖਵੀਰ ਸਿੰਘ ਅਤੇ ਸ਼ਬਨਮਦੀਪ ਸਿੰਘ ਦੇ ਨਾਂ ਸ਼ਾਮਲ ਹਨ।