ਚੰਡੀਗੜ੍ਹ : ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਦਰਜ ਹੋਏ ਕੇਸ ਕਾਰਨ ਇਹ ਮੁੱਦਾ ਗਰਮਾਇਆ ਹੋਇਆ ਹੈ । ਸੈਣੀ ਤੇ ਇਕ ਸਿੱਖ ਨੌਜਵਾਨ ਨੂੰ ਅਗਵਾਹ ਕਰਨ ਦਾ ਸੰਗੀਨ ਦੋਸ਼ ਲਗਿਆ ਹੈ । ਇਸ ਨੂੰ ਦੇਖਦਿਆਂ ਹੁਣ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਅਤੇ ਨਾਮੀ ਵਕੀਲ ਐਡਵੋਕੇਟ ਸਤਨਾਮ ਸਿੰਘ ਕਲੇਰ ਨੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦਾ ਕੇਸ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਕਲੇਰ ਨੇ ਕਿਹਾ ਕਿ ਸੈਣੀ ਵਲੋੋਂ ਉਨ੍ਹਾਂ ਨੂੰ ਕੇਸ ਲੜਨ ਲਈ ਕਿਹਾ ਗਿਆ ਸੀ।
ਕਲੇਰ ਨੇ ਕਿਹਾ ਕਿ ਜਦੋਂ ਮੈਨੂੰ ਇਹ ਪਤਾ ਲੱਗਾ ਕਿ ਸੋਸ਼ਲ ਮੀਡੀਆ ‘ਤੇ ਕੁਝ ਸਿੱਖ ਵੀਰਾਂ ਅਤੇ ਜਥੇਬੰਦੀਆਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਮੈਂ ਇਹ ਕੇਸ ਲੜਨ ਤੋਂ ਸਾਫ ਨਾਹ ਕਰ ਦਿੱਤੀ ਹੈ ਅਤੇ ਆਪਣੇ ਆਪ ਨੂੰ ਇਸ ਕੇਸ ਤੋਂ ਪੂਰੀ ਤਰ੍ਹਾਂ ਵੱਖ ਕਰ ਲਿਆ ਹੈ। ਇਸ ਕੇਸ ਬਾਬਤ ਸਾਰੇ ਦਸਤਾਵੇਜ਼ ਮੈਂ ਸੁਮੇਧ ਸੈਣੀ ਹੁਰਾਂ ਨੂੰ ਵਾਪਸ ਭੇਜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੇਰੇ ਲਈ ਸਿੱਖ ਧਰਮ ਤੇ ਸਿੱਖ ਕੌਮ ਸਭ ਤੋਂ ਪਹਿਲਾ ਅਤੇ ਸਤਿਕਾਰਯੋਗ ਹੈ ਜਦੋਂ ਕਿ ਵਕਾਲਤ ਪੇਸ਼ਾ ਬਾਅਦ ਵਿੱਚ ਹੈ। ਐਡਵੋਕੇਟ ਕਲੇਰ ਨੇ ਕਿਹਾ ਕਿ ਜੇਕਰ ਮੇਰੇ ਕਰਕੇ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਸ ਲਈ ਮੈਂ ਦਿਲੋਂ ਮੁਆਫੀ ਮੰਗਦਾ ਹਾਂ।