ਫਿਰੋਜ਼ਪੁਰ: ਹੁਸੈਨੀਵਾਲਾ ਸਰਹੱਦ ਦੇ ਨੇੜੇ ਇੱਕ ਵਾਰ ਫਿਰ ਡਰੋਨ ਨਜ਼ਰ ਆਇਆ ਜੋ ਬੀਐੱਸਐੱਫ ਦੀ ਪੋਸਟ ‘ਤੇ ਮੰਡਰਾਉਣ ਤੋਂ ਬਾਅਦ ਵਾਪਸ ਚਲਾ ਗਿਆ। ਪੰਜਾਬ ਦੇ ਫਿਰੋਜ਼ਪੁਰ ਵਿੱਚ ਬੀਐੱਸਐੱਫ ਦੇ ਜਵਾਨ ਆਸਮਾਨ ਵਿੱਚ ਡਰੋਨ ਉਡਦਾ ਵੇਖ ਕੇ ਹੈਰਾਨ ਰਹਿ ਗਏ। ਦੱਸਿਆ ਜਾ ਰਿਹਾ ਹੈ ਕਿ ਜਵਾਨਾਂ ਨੇ ਉਸ ‘ਤੇ ਫਾਇਰਿੰਗ ਵੀ ਕੀਤੀ।
ਉੱਥੇ ਹੀ ਡਰੋਨ ਦਿਖਣ ਤੋਂ ਬਾਅਦ ਜਵਾਨਾਂ ਨੇ ਸਰਹੱਦ ਦੇ ਆਸਪਾਸ ਦਾ ਇਲਾਕਾ ਖੰਗਾਲਿਆ, ਪਰ ਕੁੱਝ ਹੱਥ ਨਹੀਂ ਲੱਗਿਆ। ਬੀਐੱਸਐੱਫ ਨੇ ਸੁਰੱਖਿਆ ਏਜੰਸੀਆਂ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਹ ਅਲਰਟ ਹੋ ਗਈ। ਬੀਐੱਸਐੱਫ ਵੱਲੋਂ ਸਰਹੱਦੀ ਇਲਾਕੇ ਵਿੱਚ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ, ਚੱਪੇ – ਚੱਪੇ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਵਿੱਚ ਇੱਕ ਡਰੋਨ ਸਣੇ ਭਾਰੀ ਮਾਤਰਾ ਵਿੱਚ ਹੈਰੋਇਨ ਤੇ ਹਥਿਆਰਾਂ ਦੀ ਖੇਪ ਬਰਾਮਦ ਹੋਈ ਸੀ। ਸਰਹੱਦੀ ਥਾਣਾ ਘਰਿੰਡਾ ਨੇ ਇਸ ਸੰਦਰਭ ਵਿੱਚ ਪੰਜ ਤਸਕਰਾਂ ਵਿਰੁੱਧ ਇੱਕ ਐੱਫਆਈਆਰ ਦਰਜ ਕੀਤੀ। ਜਿਸ ਵਿੱਚ ਜੇਲ੍ਹ ਵਿੱਚ ਸਜ਼ਾ ਕਟ ਰਿਹਾ ਬਲਕਾਰ ਸਿੰਘ ਵੀ ਸ਼ਾਮਲ ਹੈ । ਬਲਕਾਰ ਸਿੰਘ ਪਾਕਿਸਤਾਨੀ ਤਸਕਰਾਂ ਤੋਂ ਡਰੋਨ ਦੇ ਜ਼ਰੀਏ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਮੰਗਵਾਉਣ ਦਾ ਦੋਸ਼ੀ ਹੈ।
ਇਸ ਦੇ ਸਾਥੀ ਪਰਮਜੀਤ, ਧਰਮਿੰਦਰ, ਅਜੈ ਅਤੇ ਰਾਹੁਲ ਚੌਹਾਨ ਹਰਿਆਣਾ ਦੇ ਰਹਿਣ ਵਾਲੇ ਹਨ। ਸੂਤਰਾਂ ਦੇ ਅਨੁਸਾਰ, ਪੁਲਿਸ ਨੂੰ ਬਲਕਾਰ ਸਿੰਘ ਤੋਂ ਪੁੱਛਗਿਛ ਦੌਰਾਨ ਜਾਣਕਾਰੀ ਮਿਲੀ ਕਿ ਇਸ ਮਾਮਲੇ ਵਿੱਚ ਸਰਹੱਦੀ ਪਿੰਡਾਂ ਦੇ ਕੁੱਝ ਤਸਕਰ ਉਸਦਾ ਸਹਿਯੋਗ ਕਰ ਰਹੇ ਹਨ।