ਸਰਕਾਰ ਗਰੀਬ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਉਣ ਲਈ ਵਚਨਬੱਧ ਗੁਰਪ੍ਰੀਤ ਸਿੰਘ ਕਾਂਗੜ

TeamGlobalPunjab
4 Min Read

ਭਗਤਾ, ਬਠਿੰਡਾ : ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਚਨਬੱਧ ਹੈ ਕਿ ਗਰੀਬ ਲੋਕਾਂ ਤੱਕ ਭੋਜਨ ਦੀ ਘਾਟ ਨਾ ਆਵੇ। ਉਨਾਂ ਨੇ ਅੱਜ ਭਗਤਾ ਵਿਖੇ ਲੋੜਵੰਦ 500 ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਅਤੇ ਭਰੋਸਾ ਦਿੱਤਾ ਕਿ ਇਸ ਔਖੀ ਘੜੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਪਣੇ ਲੋਕਾਂ ਨਾਲ ਖੜੀ ਹੈ ਅਤੇ ਜਰੂਰਤਮੰਦਾਂ ਦੀ ਪੂਰੀ ਮਦਦ ਕੀਤੀ ਜਾਵੇਗੀ। ਵੰਡੇ ਗਏ ਰਾਸ਼ਨ ਵਿਚ ਘਰ ਦੀ ਜਰੂਰਤ ਦਾ ਸਾਰਾ ਬੁਨਿਆਦੀ ਸਮਾਨ ਜਿਵੇਂ ਆਟਾ, ਦਾਲ, ਦਲੀਆ, ਨਮਕ, ਖੰਡ, ਮਿਰਚ, ਚਾਹ ਪੱਤੀ, ਸਰੋਂ ਦਾ ਤੇਲ, ਆਲੂ ਆਦਿ ਸ਼ਾਮਿਲ ਕੀਤਾ ਗਿਆ ਹੈ ਜਿਸ ਨਾਲ ਪਰਿਵਾਰ ਇਕ ਹਫ਼ਤੇ ਲਈ ਖਾਣਾ ਖਾ ਸਕੇਗਾ ਅਤੇ ਇਸਤੋਂ ਬਾਅਦ ਅਜਿਹੀ ਵੰਡ ਦੁਬਾਰਾ ਕੀਤੀ ਜਾਵੇਗੀ।
ਕੈਬਨਿਟ ਮੰਤਰੀ ਸ: ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਪਿੰਡਾਂ ਵਿਚ ਲੋੜਵੰਦ ਲੋਕਾਂ ਦੀਆਂ ਸੂਚੀਆਂ ਤਿਆਰ ਕਰਨ ਲਈ ਪੰਚਾਇਤਾਂ ਨੂੰ ਕਿਹਾ ਗਿਆ ਹੈ। ਇਸ ਤੋਂ ਬਿਨਾਂ ਪੰਚਾਇਤਾਂ ਨੂੰ ਵੀ ਅਧਿਕਾਰ ਦਿੱਤੇ ਗਏ ਹਨ ਕਿ ਉਹ ਆਪਣੇ ਫੰਡ ਵਿਚ ਇਕ ਨਿਸਚਿਤ ਹੱਦ ਤੱਕ ਦੀ ਰਕਮ ਰੋਜਾਨਾ ਅਧਾਰ ਤੇ ਲੋੜਵੰਦ ਲੋਕਾਂ ਦੀ ਮਦਦ ਲਈ ਖਰਚ ਕਰ ਸਕਦੀ ਹੈ। ਉਨਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਰੋਜਾਨਾ ਵਰਤੋਂ ਦੀਆਂ ਵਸਤਾਂ ਦੀ ਸਪਲਾਈ ਲਾਈਨ ਰੁਕਣ ਨਹੀਂ ਦਿੱਤੀ ਜਾਵੇਗੀ, ਇਸ ਲਈ ਲੋਕ ਜਰੂਰਤ ਅਨੁਸਾਰ ਹੀ ਸਮਾਨ ਦੀ ਖਰੀਦ ਕਰਨ।
ਕਾਂਗੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਰਫਿਊ ਵਰਗਾ ਸਖ਼ਤ ਫੈਸਲਾ ਆਪਣੇ ਲੋਕਾਂ ਦੀ ਸਿਹਤ ਸੁਰੱਖਿਆ ਲਈ ਲਿਆ ਹੈ ਅਤੇ ਪੰਜਾਬ ਦੇ ਸੂਝਵਾਨ ਲੋਕਾਂ ਨੇ ਇਸ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਅਤੇ ਲੋਕ ਸਹਿਯੋਗ ਵੀ ਕਰ ਰਹੇ ਹਨ।
ਕੈਬਨਿਟ ਮੰਤਰੀ ਨੇ ਇਸ ਮੌਕੇ ਸੂਬੇ ਦੇ ਲੋਕਾਂ ਵੱਲੋਂ ਵਿਖਾਏ ਜਾ ਰਹੇ ਸਵੈ ਜਾਬਤੇ ਲਈ ਉਨਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਸਾਡਾ ਕੁਝ ਦਿਨ ਦਾ ਘਰ ਬੈਠਣਾ ਪੁਰੀ ਮਨੁੱਖਤਾ ਤੇ ਮੰਡਰਾ ਰਹੇ ਖਤਰੇ ਨੂੰ ਟਾਲ ਸਕਦਾ ਹੈ। ਉਨਾਂ ਨੇ ਲੋਕਾਂ ਨੂੰ ਦੁਬਾਰਾ ਅਪੀਲ ਕੀਤੀ ਕਿ ਜਿੰਨੀ ਦੇਰ ਤੱਕ ਘਰ ਤੋਂ ਬਾਹਰ ਨਿਕਲਣ ਦੀ ਮਜਬੂਰੀ ਕਰੋਨਾ ਦੇ ਖਤਰੇ ਤੋਂ ਵੀ ਵੱਡੀ ਨਾ ਹੋਵੇ ਤਾਂ ਘਰ ਤੋਂ ਬਾਹਰ ਨਾ ਨਿਕਲੋ।
ਇਸ ਮੌਕੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪੰਜਾਬ ਪੁਲਿਸ ਵੱਲੋਂ ਲੋੜਵੰਦ ਲੋਕਾਂ ਤੱਕ ਭੋਜਨ ਪੁਜੱਦਾ ਕਰਨ ਵਿਚ ਕੀਤੀ ਜਾ ਰਹੀ ਮਦਦ ਲਈ ਪੁਲਿਸ ਫੋਰਸ ਦੀ ਸਲਾਘਾ ਕੀਤੀ। ਉਨਾਂ ਨੇ ਕਿਹਾ ਕਿ ਇਹ ਪੂਰੇ ਸਮਾਜ ਲਈ ਪਰਖ ਦੀ ਘੜੀ ਹੈ, ਇਸ ਲਈ ਹਰ ਕੋਈ ਆਪਣੀ ਜਿੰਮੇਵਾਰੀ ਸਮਝਦੇ ਹੋਏ ਸਰਕਾਰ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਦਾ ਪਾਲਣ ਕਰੇ।
ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਬਾਰਿਸਾਂ ਕਾਰਨ ਜੇਕਰ ਕਿਤੇ ਨੁਕਸਾਨ ਹੋਇਆ ਹੈ ਤਾਂ ਉਸਦੀ ਗਿਰਦਾਵਰੀ ਕਰਵਾ ਕੇ ਢੁੱਕਵਾਂ ਮੁਆਵਜਾ ਦਿੱਤਾ ਜਾਵੇਗਾ।
ਇਕ ਹੋਰ ਸਵਾਲ ਦੇ ਜਵਾਬ ਵਿਚ ਕੈਬਨਿਟ ਮੰਤਰੀ ਨੇ ਦੱਸਿਆ ਕਿ ਅਚਾਨਕ ਲੱਗੇ ਕਰਫਿਊ ਕਾਰਨ ਜੋ ਲੋਕ ਆਪਣੇ ਘਰਾਂ ਤੋਂ ਦੂਰ ਫਸ ਗਏ ਹਨ ਉਨਾਂ ਨੂੰ ਸਰਕਾਰ ਵੱਲੋਂ ਪਾਸ ਜਾਰੀ ਕੀਤੇ ਗਏ ਹਨ। ਇਸ ਲਈ ਇਕ ਆਨਲਾਈਨ ਪੋਰਟਲ ਸ਼ੁਰੂ ਕੀਤਾ ਗਿਆ ਹੈ ਜਿੱਥੇ ਕੋਈ ਵੀ ਜਰੂਰਤਮੰਦ ਅਪਲਾਈ ਕਰ ਸਕਦਾ ਹੈ। ਇਸ ਮੌਕੇ ਐਸ.ਡੀ.ਐਮ.  ਖੁਸਦਿਲ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਰਾਜਵੰਤ ਸਿੰਘ, ਬੂਟਾ ਸਿੰਘ ਸਿੱਧੂ, ਇੰਦਰਜੀਤ ਸਿੰਘ ਮਾਨ, ਰਾਕੇਸ਼ ਕੁਮਾਰ ਭਾਈਰੂਪਾ, ਯਾਦਵਿੰਦਰ ਸਿੰਘ ਪੱਪੂ, ਹਰਿੰਦਰ ਸਿੰਘ ਬਰਾੜ, ਸੁਰਿੰਦਰ ਕਾਲਾ, ਸੁਰੇਸ਼ ਕੁਮਾਰ ਚੌਧਰੀ ਆਦਿ ਵੀ ਹਾਜਰ ਸਨ।

Share this Article
Leave a comment