ਢਾਕਾ: ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਕਰੀਬ ਦੋ ਸਾਲ ਪਹਿਲਾਂ ਇੱਕ ਵਿਦਿਆਰਥੀ ਨੂੰ ਕਥਿਤ ਤੌਰ ‘ਤੇ ਲਿਚਿੰਗ ਕਰਨ ਦੇ ਮਾਮਲੇ ਵਿੱਚ 20 ਵਿਦਿਆਰਥੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਘਟਨਾ ਦੇ ਸਮੇਂ ਮ੍ਰਿਤਕ ਅਤੇ ਦੋਸ਼ੀ ਵਿਦਿਆਰਥੀ ਢਾਕਾ ਸਥਿਤ ਬੰਗਲਾਦੇਸ਼ ਯੂਨੀਵਰਸਿਟੀ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ‘ਚ ਪੜ੍ਹ ਰਹੇ ਸਨ।
ਯੂਨੀਵਰਸਿਟੀ ਦੇ ਵਿਦਿਆਰਥੀ 21 ਸਾਲਾ ਅਬਰਾਰ ਫਹਾਦ ਨੇ ਸੱਤਾਧਾਰੀ ਅਵਾਮੀ ਲੀਗ ਸਰਕਾਰ ਦੀ ਭਾਰਤ ਨਾਲ ਦਰਿਆਈ ਪਾਣੀ ਵੰਡ ਸਮਝੌਤਾ ਕਰਨ ਵਿੱਚ ਨਾਕਾਮ ਰਹਿਣ ਲਈ ਆਲੋਚਨਾ ਕੀਤੀ ਸੀ। ਇਸ ਦੇ ਲਈ ਅਬਰਾਰ ਫਹਾਦ ਨੇ ਫੇਸਬੁੱਕ ‘ਤੇ ਇਕ ਪੋਸਟ ਲਿਖੀ। ਦੋਸ਼ ਹੈ ਕਿ ਫਹਾਦ ਦੀ ਇਸ ਪੋਸਟ ਤੋਂ ਨਾਰਾਜ਼ ਹੋ ਕੇ ਅਵਾਮੀ ਲੀਗ ਦੇ ਵਿਦਿਆਰਥੀ ਵਿੰਗ ਬੰਗਲਾਦੇਸ਼ ਸਟੂਡੈਂਟਸ ਲੀਗ (ਬੀਸੀਐਲ) ਨਾਲ ਸਬੰਧਤ ਵਿਦਿਆਰਥੀਆਂ ਨੇ 6 ਅਕਤੂਬਰ 2019 ਨੂੰ ਉਸ ‘ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਕਤਲ ਤੋਂ ਬਾਅਦ ਸਾਰੇ ਦੋਸ਼ੀ ਵਿਦਿਆਰਥੀ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਤੋਂ ਬਾਅਦ ਬੀਸੀਐਲ ਨੇ ਸਾਰੇ ਦੋਸ਼ੀ ਵਿਦਿਆਰਥੀਆਂ ਨੂੰ ਸੰਗਠਨ ਤੋਂ ਕੱਢ ਦਿੱਤਾ। ਇਸ ਦੇ ਨਾਲ ਹੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਵੀ ਸਖ਼ਤ ਕਦਮ ਚੁੱਕਦਿਆਂ ਦੋਸ਼ੀ ਵਿਦਿਆਰਥੀਆਂ ਨੂੰ ਸੰਸਥਾ ਤੋਂ ਬਾਹਰ ਕੱਢ ਦਿੱਤਾ ।
ਢਾਕਾ ਦੀ ਫਾਸਟ ਟਰੈਕ ਅਦਾਲਤ ਦੇ ਜੱਜ ਅਬੂ ਜ਼ਫਰ ਮੁਹੰਮਦ ਕਮਰੂਜ਼ਮਾਨ ਨੇ ਦੋ ਸਾਲ ਬਾਅਦ ਇਸ ਮਾਮਲੇ ‘ਚ ਫੈਸਲਾ ਸੁਣਾਇਆ। ਉਨ੍ਹਾਂ ਨੇ ਇਸ ਮਾਮਲੇ ਵਿੱਚ ਚਾਰਜਸ਼ੀਟ ਕੀਤੇ ਗਏ ਸਾਰੇ 25 ਵਿਦਿਆਰਥੀਆਂ ਨੂੰ ਦੋਸ਼ੀ ਠਹਿਰਾਇਆ। ਇਸ ਦੇ ਨਾਲ ਹੀ ਇਨ੍ਹਾਂ ਵਿੱਚੋਂ 20 ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਜਦਕਿ ਬਾਕੀ 5 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।