ਸ਼੍ਰੋਮਣੀ ਅਕਾਲੀ ਦਲ ਵੱਲੋਂ ਗੈਰ ਕਾਨੂੰਨੀ ਰੇਤ ਮਾਇਨਿੰਗ ਰੋਕਣ ਲਈ ਸਰਕਾਰੀ ਸਕੂਲ ਅਧਿਆਪਕ ਤਾਇਨਾਤ ਕਰਨ ਦੀ ਜ਼ੋਰਦਾਰ ਨਿਖੇਧੀ

TeamGlobalPunjab
3 Min Read

-ਅਧਿਆਪਕਾਂ ਨੂੰ ਗੈਰ ਅਧਿਆਪਨ ਕਾਰਜਾਂ ਵਾਸਤੇ ਨਾ ਲਾਇਆ ਜਾਵੇ : ਡਾ. ਦਲਜੀਤ ਸਿੰਘ ਚੀਮਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਗੈਰ ਕਾਨੂੰਨੀ ਰੇਤ ਮਾਇਨਿੰਗ ਰੋਕਣ ਵਾਸਤੇ ਸਰਕਾਰੀ ਸਕੂਲਾਂ ਦੇ ਅਧਿਆਪਕ ਤਾਇਨਾਤ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਸੂਬੇ ਨੂੰ ਰੇਤ ਮਾਫੀਆ ਤੇ ਕਾਂਗਰਸੀ ਆਗੂਆਂ ਵਿਚਾਲੇ ਗਠਜੋੜ ਤੋੜਨਾ ਚਾਹੀਦਾ ਹੈ ਨਾ ਕਿ ਮਾਫੀਆ ਅੱਗੇ ਕਰ ਕੇ ਅਧਿਆਪਕਾਂ ਦੀ ਜਾਨ ਜ਼ੋਖ਼ਮ ਵਿਚ ਪਾਉਣੀ ਚਾਹੀਦੀ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਧਿਆਪਕਾਂ ਨੂੰ ਗੈਰ ਅਧਿਆਪਨ ਕਾਰਜਾਂ ਵਾਸਤੇ ਨਹੀਂ ਲਗਾਇਆ ਜਾਣਾ ਚਾਹੀਦਾ। ਉਹਨਾਂ ਨੇ ਕਪੂਰਥਲਾ ਜ਼ਿਲ੍ਹਾਂ ਪ੍ਰਸ਼ਾਸਨ ਦੇ ਉਸ ਹੁਕਮ ਦੀ ਨਿਖੇਧੀ ਕੀਤੀ ਜਿਸ ਰਾਹੀਂ 40 ਸਰਕਾਰੀ ਸਕੂਲ ਅਧਿਆਪਕਾਂ ਨੂੰ ਗੈਰ ਕਾਨੂੰਨੀ ਮਾਇਨਿੰਗ ਰੋਕਣ ਵਾਸਤੇ ਫਗਵਾੜਾ ਦੇ ਨਾਕਿਆਂ ‘ਤੇ ਤਾਇਨਾਤ ਕਰਨ ਦੇ ਹੁਕਮ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਇਹ ਕਾਰਵਾਈ ਪੂਰੀ ਤਰ੍ਹਾਂ ਤਰਕਹੀਣ ਹੈ। ਉਹਨਾਂ ਕਿਹਾ ਕਿ ਇਸ ਕੰਮ ਵਾਸਤੇ ਸਿਰਫ ਪੁਲਿਸ ਵਿਭਾਗ ਨੂੰ ਹੀ ਲਾਇਆ ਜਾਣਾ ਚਾਹੀਦਾ ਹੈ ਤੇ ਜੇਕਰ ਲੋੜ ਹੈ ਤਾਂ ਡਿਊਟੀ ਮੈਜਿਸਟਰੇਟ ਨਾਲ ਲਗਾਏ ਜਾ ਸਕਦੇ ਹਨ। ਪਰ ਅਜਿਹਾ ਕਰਨ ਦੀ ਥਾਂ ਜ਼ਿਲ੍ਹਾਂ ਪ੍ਰਸ਼ਾਸਨ ਅਧਿਆਪਕਾਂ ਨੂੰ ਗੁੰਡਿਆਂ ਅੱਗੇ ਪਰੋਸ ਰਿਹਾ ਹੈ ਜੋ ਕਿ ਉਹਨਾਂ ਦਾ ਨੁਕਸਾਨ ਕਰ ਸਕਦੇ ਹਨ। ਉਹਨਾਂ ਕਿਹਾ ਕਿ ਅਧਿਆਪਕਾਂ ਨੂੰ ਇਸ ਡਿਊਟੀ ਤੋਂ ਤੁਰੰਤ ਵਾਪਸ ਹਟਾਇਆ ਜਾਣਾ ਚਾਹੀਦਾ ਹੈ।

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਅਧਿਆਪਕਾਂ ਦੀ ਜਾਨ ਅਜਿਹੇ ਖਤਰਿਆਂ ਵਿਚ ਪਾਈ ਗਈ ਹੋਵੇ। ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨੇ 24 ਅਧਿਆਪਕਾਂ ਦੀ ਡਿਊਟੀ ਗੁਰਦਾਸਪੁਰ ਵਿਚ ਡਿਸਟੀਲਰੀ ਦੀ ਰਾਖੀ ਕਰਨ ਵਾਸਤੇ ਲਗਾ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਇਹ ਹੁਕਮ ਵੀ ਤਰਕਹੀਣ ਸੀ ਕਿਉਂਕਿ ਆਬਕਾਰੀ ਵਿਭਾਗ ਨੇ ਪਹਿਲਾਂ ਹੀ ਸਾਰੀਆਂ ਡਿਸਟੀਲਰੀਆਂ ਵਿਚ ਆਪਣੇ ਅਫਸਰ ਤਾਇਨਾਤ ਕੀਤੇ ਹੋਏ ਹਨ। ਉਹਨਾਂ ਕਿਹਾ ਕਿ ਇਹਨਾਂ ਡਿਸਟੀਲਰੀਆਂ ਤੋਂ ਜੇਕਰ ਬਿਨਾਂ ਆਬਕਾਰੀ ਫੀਸ ਦੀ ਅਦਾਇਗੀ ਦੇ ਨਜਾਇਜ਼ ਸ਼ਰਾਬ ਨਿਕਲਦੀ ਹੈ ਤਾਂ ਫਿਰ ਇਹਨਾਂ ਆਬਕਾਰੀ ਅਫਸਰਾਂ ਨੂੰ ਹੀ ਜ਼ਿੰਮੇਵਾਰੀ ਠਹਿਰਾਇਆ ਜਾਣਾ ਚਾਹੀਦਾ ਹੈ।

- Advertisement -

ਅਕਾਲੀ ਆਗੂ ਨੇ ਕਿਹਾ ਕਿ ਇਹ ਪਹਿਲਾਂ ਹੀ ਸਾਹਮਣੇ ਆ ਚੁੱਕਾ ਹੈ ਕਿ ਕਾਂਗਰਸੀ ਆਗੂ ਹੀ ਨਜਾਇਜ਼ ਸ਼ਰਾਬ ਤੇ ਗੈਰ ਕਾਨੂੰਨੀ ਰੇਤ ਮਾਇਨਿੰਗ ਵਿਚ ਸ਼ਾਮਲ ਹਨ। ਉਹਨਾਂ ਕਿਹਾ ਕਿ ਭਾਵੇਂ ਸੂਬੇ ਨੂੰ ਨਜਾਇਜ਼ ਸ਼ਰਾਬ ਕਾਰਨ 5600 ਕਰੋੜ ਰੁਪਏ ਦਾ ਘਾਟਾ ਪੈ ਗਿਆ ਹੈ ਤੇ ਕੁਝ ਕੇਸਾਂ ਵਿਚ ਇਹ ਵੀ ਸਾਹਮਣੇ ਆਇਆ ਹੈ ਇਸ ਵਪਾਰ ਵਿਚ ਕਾਂਗਰਸੀ ਵਿਧਾਇਕਾਂ ਦੀ ਭੂਮਿਕਾ ਹੈ ਪਰ ਇਸਦੇ ਬਾਵਜੂਦ ਸਰਕਾਰ ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਇਸੇ ਤਰੀਕੇ ਸਰਕਾਰ ਗੈਰ ਕਾਨੂੰਨੀ ਰੇਤ ਮਾਇਨਿੰਗ ਵਿਚ ਸ਼ਾਮਲ ਕਾਂਗਰਸੀ ਆਗੂਆਂ ਦੇ ਖਿਲਾਫ ਵੀ ਕਾਰਵਾਈ ਕਰਨ ਤੋਂ ਇਨਕਾਰੀ ਹੈ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਅਧਿਆਪਕਾਂ ਦੀ ਡਿਊਟੀ ਸ਼ਰਾਬ ਤੇ ਰੇਤ ਮਾਫੀਆ ਨੂੰ ਫੜਨ ਲਈ ਲਗਾਉਣ ਨਾਲ ਕੋਈ ਮਸਲਾ ਹੱਲ ਨਹੀਂ ਹੋਵੇਗਾ ਸਗੋਂ ਇਸਦੇ ਉਲਟ ਨਤੀਜੇ ਨਿਕਲਣਗੇ।

Share this Article
Leave a comment