ਸੁਲਤਾਨਪੁਰ ਲੋਧੀ : ਵਿਧਾਇਕ ਸ. ਨਵਤੇਜ ਸਿੰਘ ਚੀਮਾ ਵੱਲੋਂ ਅੱਜ ਸਿਵਲ ਅਤੇ ਪੁਲਿਸ ਅਧਿਕਾਰੀਆਂ ਸਮੇਤ ਲੋੜਵੰਦ ਪਰਿਵਾਰਾਂ ਲਈ 2000 ਰਾਸ਼ਨ ਕਿੱਟਾਂ ਅਤੇ ਸੈਨੀਟਾਈਜ਼ਰ ਵੱਖ-ਵੱਖ ਪਿੰਡਾਂ ਲਈ ਰਵਾਨਾ ਕੀਤੇ। ਸਥਾਨਕ ਦਾਣਾ ਮੰਡੀ ਤੋਂ ਇਹ ਸਾਮਾਨ ਰਵਾਨਾ ਕਰਨ ਮੌਕੇ ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਔਖੀ ਘੜੀ ਵਿਚ ਲੋਕਾਂ ਦੇ ਨਾਲ ਖੜੀ ਹੈ। ਉਨਾਂ ਕਿਹਾ ਕਿ ਹਰੇਕ ਲੋੜਵੰਦ ਤੱਕ ਸਹਾਇਤਾ ਸਮੱਗਰੀ ਪਹੁੰਚਾਉਣ ਦੀ ਜਿੰਮੇਵਾਰੀ ਸਬੰਧਤ ਸਰਪੰਚ ਦੀ ਹੋਵੇਗੀ ਅਤੇ ਉਹ ਇਹ ਯਕੀਨੀ ਬਣਾਉਣਗੇ ਕਿ ਕੋਈ ਵੀ ਲੋੜਵੰਦ ਇਸ ਤੋਂ ਵਾਂਝਾ ਨਾ ਰਹੇ। ਉਨਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਕਣਕ ਦੀ ਵੰਡ ਵੀ ਸ਼ੁਰੂ ਕੀਤੀ ਗਈ ਹੈ। ਉਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਰਫਿਊ ਦੌਰਾਨ ਲੋਕਾਂ ਨੂੰ ਜ਼ਰੂਰੀ ਸਾਮਾਨ ਘਰ-ਘਰ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਉਨਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੁਫ਼ਤ ਰਾਸ਼ਨ ਲੈਣ ਲਈ ਕੇਵਲ ਲੋੜਵੰਦ ਹੀ ਅੱਗੇ ਆਉਣ। ਉਨਾਂ ਅਪੀਲ ਕੀਤੀ ਕਿ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪੂਰੀ ਤਰਾਂ ਪਾਲਣਾ ਕੀਤੀ ਜਾਵੇ ਅਤੇ ਘਰਾਂ ਵਿਚੋਂ ਬਾਹਰ ਨਾ ਨਿਕਲਿਆ ਜਾਵੇ। ਉਨਾਂ ਕਿਹਾ ਕਿ ਕਰਫਿੳੂ ਲੋਕਾਂ ਦੇ ਭਲੇ ਲਈ ਲਗਾਇਆ ਗਿਆ ਹੈ, ਜਿਸ ਦਾ ਪਾਲਣ ਕਰਨਾ ਸਾਡੇ ਆਪਣੇ ਹਿੱਤ ਵਿਚ ਹੈ।
ਸ. ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਆਉਣ ਵਾਲੇ ਕਣਕ ਦੇ ਸੀਜ਼ਨ ਲਈ ਵੀ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਇਸ ਦੌਰਾਨ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਨੇੜਲੀ ਮੰਡੀ ਵਿਚ ਹੀ ਆਪਣੀ ਜਿਣਸ ਲਿਆਉਣ, ਤਾਂ ਜੋ ਜ਼ਿਆਦਾ ਰਸ਼ ਤੇ ਆਵਾਜਾਈ ਤੋਂ ਬਚਾਅ ਹੋ ਸਕੇ। ਉਨਾਂ ਸਰਪੰਚਾਂ ਅਤੇ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੀ ਪੱਧਰ ’ਤੇ ਲੇਬਰ ਦਾ ਢੁਕਵਾਂ ਬੀਮਾ ਕਰਵਾਉਣ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਮਹਾਂਮਾਰੀ ਦੌਰਾਨ ਜੀਅ-ਜਾਨ ਨਾਲ ਸੇਵਾਵਾਂ ਨਿਭਾਅ ਰਹੇ ਪੁਲਿਸ ਮੁਲਾਜ਼ਮਾਂ ਅਤੇ ਸੈਨੀਟੇਸ਼ਨ ਵਰਕਰਾਂ ਲਈ 50-50 ਲੱਖ ਰੁਪਏ ਦੇ ਬੀਮਾ ਕਵਰ ਦਾ ਐਲਾਨ ਕੀਤਾ ਹੈ। ਉਨਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਨਿੱਜੀ ਤੌਰ ’ਤੇ ਪੱਤਰ ਲਿਖ ਕੇ ਮੀਡੀਆ ਕਰਮੀਆਂ ਲਈ ਵੀ ਬੀਮਾ ਕਵਰ ਦੀ ਮੰਗ ਕਰਨਗੇ, ਕਿਉਂਕਿ ਮੀਡੀਆ ਕਰਮੀ ਵੀ ਇਸ ਔਖੀ ਘੜੀ ਵਿਚ ਜੀਅ-ਜਾਨ ਨਾਲ ਦਿਨ-ਰਾਤ ਸਾਨੂੰ ਜਾਣਕਾਰੀ ਪ੍ਰਦਾਨ ਕਰਨ ਵਿਚ ਜੁੱਟੇ ਹੋਏ ਹਨ।
ਇਸ ਮੌਕੇ ਐਸ. ਡੀ. ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਡੀ. ਐਸ. ਪੀ ਸ. ਸਰਵਨ ਸਿੰਘ ਬੱਲ, ਬੀ. ਡੀ. ਪੀ. ਓ ਸ. ਗੁਰਪ੍ਰਤਾਪ ਸਿੰਘ ਗਿੱਲ, ਐਸ. ਐਚ. ਓ ਸ. ਸਰਬਜੀਤ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਸ. ਪਰਵਿੰਦਰ ਸਿੰਘ ਪੱਪਾ, ਉੱਪ ਚੇਅਰਮੈਨ ਬਲਾਕ ਸੰਮਤੀ ਸ. ਮੰਗਲ ਸਿੰਘ ਭੱਟੀ, ਮੈਂਬਰ ਬਲਾਕ ਸੰਮਤੀ ਸ. ਬਲਦੇਵ ਸਿੰਘ ਰੰਗੀਲਪੁਰ ਤੇ ਸ. ਗਗਨਦੀਪ ਸਿੰਘ ਬਾਜਵਾ, ਸ੍ਰੀ ਅਜੀਤਪਾਲ ਸਿੰਘ ਬਾਜਵਾ, ਸ. ਪ੍ਰਭਦਿਆਲ ਸਿੰਘ ਸੈਦਪੁਰ, ਸ੍ਰੀ ਰਵਿੰਦਰ ਰਵੀ, ਸ੍ਰੀ ਬਲਜਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਸਰਪੰਚ ਹਾਜ਼ਰ ਸਨ।