ਨਵਾਂ ਸ਼ਹਿਰ : ਕੋਰੋਨਾ ਵਾਇਰਸ ਤੋਂ ਬਚਾਅ ਲਈ ਲਾਏ ਗਏ ਕਰਫ਼ਿਊ ਦੌਰਾਨ ਆਮ ਜਨਤਾ ਨੂੰ ਕੋਈ ਮੁਸ਼ਕਿਲ ਨਾ ਆਵੇ ਅਤੇ ਲੋਕਾਂ ਤੱਕ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਵਿਧਾਇਕ ਅੰਗਦ ਸਿੰਘ ਨੇ ਅੱਜ ਸ਼ਹਿਰ ਦਾ ਦੌਰਾ ਕੀਤਾ।
ਉਹ ਜ਼ਰੂਰੀ ਵਸਤਾਂ ਜਿਵੇਂ ਸਬਜ਼ੀਆਂ, ਫ਼ਲਾਂ ਦੀਆਂ ਰੇਹੜੀਆਂ, ਰਾਸ਼ਨ ਦੀਆਂ ਦੁਕਾਨਾਂ ਉਤੇ ਗਏ ਅਤੇ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਸਾਰੀਆਂ ਚੀਜ਼ਾਂ ਦਾ ਨਿਰਧਾਰਤ ਭਾਅ ਤੋਂ ਜ਼ਿਆਦਾ ਰੇਟ ਨਾ ਵਸੂਲਣ ਦੀ ਤਾੜਨਾ ਕੀਤੀ।
ਵਿਧਾਇਕ ਅੰਗਦ ਸਿੰਘ ਨੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਹਲਕੇ ਦੇ ਲੋਕ ਉਨ੍ਹਾਂ ਦਾ ਪਰਿਵਾਰ ਹਨ ਅਤੇ ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਕਿ ਉਨ੍ਹਾਂ ਦੇ ਪਰਿਵਾਰ ਨੂੰ ਇਸ ਮੁਸ਼ਕਿਲ ਦੀ ਘੜੀ ਵਿੱਚ ਕਿਸੇ ਵੀ ਤਰਾਂ ਦੀ ਲੁੱਟ ਖਸੁੱਟ ਦਾ ਸ਼ਿਕਾਰ ਹੋਣਾ ਪਵੇ।
ਐਮ ਐਲ ਏ ਅੰਗਦ ਸਿੰਘ ਨੇ ਐਲਾਨ ਕੀਤਾ ਕਿ ਪੰਜਾਬ ਦੇ ਲੋਕਾਂ ਉਤੇ ਪਈ ਇਸ ਭੀੜ ਦੌਰਾਨ, ਉਹ ਵੀ ਆਪਣੀ ਇਕ ਸਾਲ ਦੀ ਤਨਖਾਹ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਫੰਡ ਵਿੱਚ ਦੇ ਰਹੇ ਹਨ।
ਇਸ ਤੋਂ ਇਲਾਵਾ ਹਲਕੇ ਦੇ ਗ਼ਰੀਬ ਤੇ ਲੋੜਵੰਦ ਲੋਕਾਂ ਦੀ ਮਦਦ ਲਈ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਪ੍ਰਬੰਧਾਂ ਤੋਂ ਵੱਖਰੇ ਤੌਰ ਉਤੇ 3500 ਰਾਸ਼ਨ ਪੈਕਟਾਂ ਦੀ ਵੰਡ ਵੀ ਕਰਵਾ ਰਹੇ ਹਨ।
ਉਨ੍ਹਾਂ ਨੇ ਸਰਕਾਰ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਦਿੱਤੀਆਂ ਹਦਾਇਤਾਂ ਜਿਵੇਂ ਕਿ ਇੱਕ ਦੂਸਰੇ ਤੋਂ ਘੱਟੋ ਘਟ ਇੱਕ ਮੀਟਰ ਦੀ ਦੂਰੀ ਉਤੇ ਰਹਿਣ, ਹੱਥ ਵਾਰ ਵਾਰ ਧੋਣ, ਇਕੱਠ ਨਾ ਕਰਨ ਦਾ ਵੀ ਪੂਰੀ ਤਰਾਂ ਪਾਲਣ ਕਰਨ ਦੀ ਅਪੀਲ ਕੀਤੀ।