ਲਓ ਬਈ ਬਿਕਰਮ ਸਿੰਘ ਮਜੀਠੀਆ ਨੇ ਫੂਲਕਾ ਦੇ ਹੱਕ ਵਿੱਚ ਆਣ ਖਲੋਣ ਦਾ ਕਰਤਾ ਐਲਾਨ, ਸ਼ਰਤ ਸੁਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

TeamGlobalPunjab
2 Min Read

ਲੁਧਿਆਣਾ : ਪੰਜਾਬ ‘ਚ ਸਾਲ 2015 ਦੌਰਾਨ ਵਾਪਰੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਸੀਬੀਆਈ ਵੱਲੋਂ ਮੁਹਾਲੀ ਦੀ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਦਾਇਰ ਕਰਨ ਤੋਂ ਬਾਅਦ ਜਿੱਥੇ ‘ਆਪ’ ਦੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਅਤੇ ਸੂਬੇ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਚਕਾਰ ਬਾਦਲਾਂ ਨੂੰ ਜੇਲ੍ਹ ਭੇਜਣ ਲਈ ਸ਼ਬਦੀ ਜੰਗ ਜਾਰੀ ਹੈ ਉੱਥੇ ਦੂਜੇ ਪਾਸੇ ਉਨ੍ਹਾਂ ਦੀ ਇਸ ਸ਼ਬਦੀ ਜੰਗ ਵਿੱਚ ਹੁਣ ਅਕਾਲੀ ਦਲ ਸੀਨੀਅਰ ਆਗੂ ਅਤੇ ਬਾਦਲਾਂ ਦੇ  ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਵੀ ਕੁੱਦ ਪਏ ਹਨ। ਬਿਕਰਮ ਸਿੰਘ  ਮਜੀਠੀਆ ਦਾ ਕਹਿਣਾ ਹੈ ਕਿ ਬਾਦਲਾਂ ਨੂੰ ਜੇਲ੍ਹ ‘ਚ ਭੇਜੋ ਦਾ ਹੋਕਾ ਦੇਣ ਵਾਲੇ ਹਰਵਿੰਦਰ ਸਿੰਘ ਫੂਲਕਾ ਨੂੰ ਉਹ ਸ਼ਰੇਆਮ ਚੈਲੰਜ ਕਰਦੇ ਹਨ ਕਿ ਬੇਅਦਬੀ ਮਾਮਲਿਆਂ ਵਿੱਚ ਬਾਦਲ  ਪਰਿਵਾਰ ਜਾਂ ਅਕਾਲੀ ਦਾ ਕੋਈ ਵੀ ਆਗੂ ਜੇਕਰ ਬੇਅਦਬੀ ਮਾਮਲਿਆਂ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਹ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਫੂਲਕਾ ਦੇ ਹੱਕ ਵਿੱਚ ਆਣ ਖੜ੍ਹਣਗੇ। ਬਿਕਰਮ ਸਿੰਘ ਮਜੀਠੀਆ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਫੂਲਕਾ ਇਸ ਮੁੱਦੇ ਨੂੰ ਲੈ ਕੇ ਸਿਰਫ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰਵਿੰਦਰ ਸਿੰਘ ਫੂਲਕਾ ਨੂੰ ਅਜਿਹੇ ਨਾਜੁਕ ਮਸਲੇ ‘ਤੇ ਸਿਆਸਤ ਬੰਦ ਕਰਨੀ ਚਾਹੀਦੀ ਹੈ। ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਉਂਦਿਆਂ ਕਿਹਾ ਕਿ ਜੋ ਲੋਕ ਪੰਜਾਬ ਵਿੱਚ ਭਾਈਚਾਰਜ ਸਾਂਝ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਹਰਵਿੰਦਰ ਸਿੰਘ ਫੂਲਕਾ ਅਤੇ ਕਾਂਗਰਸ ਉਸ ਦੇ ਭਾਈਵਾਲ ਹਨ। ਉਨ੍ਹਾਂ ਸਵਾਲ ਕੀਤਾ ਕਿ ਅੱਜ ਇਨ੍ਹਾਂ ਨੂੰ ਕਾਂਗਰਸ ਮਾੜੀ ਕਿਵੇਂ ਲੱਗਣ ਲੱਗ ਪਈ ਕਿਉਂਕਿ ਇਨ੍ਹਾਂ ਦੀ ਸਲਾਹ ਅਤੇ ਇਸ਼ਾਰੇ ‘ਤੇ ਹੀ ਤਾਂ ਉਹ ਅਸਤੀਫਾ ਦਿੰਦੇ ਸੀ, ਅਸਤੀਫੇ ਤੋਂ ਬਾਅਦ ਉਹ ਵਿਧਾਨ ਸਭਾ ‘ਚ ਆਉਂਦੇ ਸਨ, ਸੁੱਖ ਰੰਧਾਵੇ ਵਰਗੇ ਉਨ੍ਹਾਂ ਨੂੰ ਆਪਣੇ ਚੈਂਬਰ ‘ਚ ਬੁਲਾਉਂਦੇ ਸਨ ਤੇ ਫਿਰ ਉਹ ਐਸਜੀਪੀਸੀ ਨਾਲ ਸਬੰਧਤ ਸਵਾਲ ਕਰਦੇ ਸਨ। ਮਜੀਠੀਆ ਨੇ ਕਿਹਾ ਕਿ ਇਹ ਸਵਾਲ ਉਨ੍ਹਾਂ ਨੇ ਵਿਧਾਨ ਸਭਾ ਦੇ ਅੰਦਰ ਵੀ ਕੀਤਾ ਸੀ ਕਿ ਜਿਹੜਾ ਕੁਝ ਲੁਕ-ਛਿਪ ਕੇ ਉਨ੍ਹਾਂ ਨਾਲ ਗੱਲ ਕਰ ਰਹੇ ਹੋ ਅੰਦਰ ਵਿਧਾਨ ਸਭਾ ‘ਚ ਦੱਸ ਦਿਓ ਉਹ ਕੀ ਕਹਿ ਰਹੇ ਹਨ ਤੁਹਾਨੂੰ, ਤੁਸੀਂ ਲੋਕਾਂ ਨੂੰ ਕਿਉਂ ਮੂਰਖ ਬਣਾ ਰਹੇ ਹੋਂ।

Share this Article
Leave a comment