ਰੈਡ ਕਰਾਸ ਪਟਿਆਲਾ ਨੇ ਫੜੀ ਲੋੜਵੰਦਾਂ ਦੀ ਬਾਂਹ,

TeamGlobalPunjab
3 Min Read

ਪਟਿਆਲਾ : ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਰੈਡ ਕਰਾਸ ਪਟਿਆਲਾ ਨੇ ਲੋੜਵੰਦਾਂ ਦੀ ਬਾਂਹ ਫੜਦਿਆਂ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੀ ਮਦਦ ਦੇ ਨਾਲ ਰੋਜ਼ਾਨਾ ਹਜ਼ਾਰਾਂ ਹੀ ਲੋੜਵੰਦਾਂ ਨੂੰ ਖਾਣਾ ਖੁਆਉਣ ਦਾ ਬੀੜਾ ਉਠਾਇਆ ਹੈ। ਰੈਡ ਕਰਾਸ ਦੇ ਵਲੰਟੀਅਰ ਪੂਰੀ ਸਵੱਛਤਾ ਦੇ ਨਾਲ ਬਣਾਏ ਗਏ ਖਾਣੇ ਦੇ ਪੈਕਟਾਂ ਨੂੰ ਕੋਵਿਡ-19 ਪ੍ਰੋਟੋਕਾਲ ਨੇਮਾਂ ਦੀ ਪਾਲਣਾਂ ਕਰਦੇ ਹੋਏ ਰੈਡ ਕਰਾਸ ਦੀਆਂ ਗੱਡੀਆਂ ਜਰੀਏ ਲੋੜਵੰਦਾਂ ਤੱਕ ਪੁੱਜਦਾ ਕਰ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਅਜਿਹੇ ਕਦਮਾਂ ਦੀ ਇਨ੍ਹਾਂ ਲੋਕਾਂ ਸਮੇਤ ਸ਼ਹਿਰ ਦੇ ਆਮ ਨਾਗਰਿਕਾਂ ਨੇ ਵੀ ਭਰਵੀਂ ਸ਼ਲਾਘਾ ਕੀਤੀ ਹੈ।
ਸਥਾਨਕ ਨਾਭਾ ਰੋਡ ‘ਤੇ ਸਥਿਤ ਵਾਰਡ ਨੰਬਰ 1 ਅਤੇ 60 ‘ਚ ਪੈਂਦੀਆਂ ਕਲੋਨੀਆਂ ਕ੍ਰਿਸ਼ਨਾ ਕਲੋਨੀ, ਪ੍ਰੀਤਮ ਪਾਰਕ, ਅਬਲੋਵਾਲ ਵਿਖੇ ਪੁੱਜੀ ਰੈਡ ਕਰਾਸ ਦੀ ਇੱਕ ਗੱਡੀ ਨੇ ਇੱਕੋ ਸਮੇਂ ਇਸ ਇਲਾਕੇ ਵਿੱਚ 600 ਦੇ ਕਰੀਬ ਦਿਹਾੜੀਦਾਰ ਪਰਿਵਾਰਾਂ ਲਈ ਖਾਣੇ ਦੇ ਪੈਕਟ ਕ੍ਰਿਸ਼ਨਾ ਵੈਲਫੇਅਰ ਐਸੋਸੀਏਸ਼ਨ ਅਤੇ ਇੱਥੋਂ ਦੀ ਨੌਜਵਾਨ ਸਭਾ ਦੇ ਨੁਮਾਇੰਦਿਆਂ  ਮਾਨਵ ਕੁਮਾਰ ਤੇ ਪ੍ਰਿੰਸ ਕੁਮਾਰ ਨੂੰ ਸੌਂਪਿਆ।
ਇਸ ਮੌਕੇ ਇਨ੍ਹਾਂ ਨੌਜਵਾਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ  ਕੁਮਾਰ ਅਮਿਤ ਤੱਕ ਪਹੁੰਚ ਕੀਤੀ ਸੀ ਕਿ ਉਨ੍ਹਾਂ ਦੀ ਕਲੋਨੀ ਵਿਖੇ ਬਹੁਤ ਸਾਰੇ ਗਰੀਬ ਪਰਿਵਾਰ ਅਜਿਹੇ ਹਨ, ਜਿਨ੍ਹਾਂ ਕੋਲ ਦੋ ਵਕਤ ਦੀ ਰੋਟੀ ਦਾ ਵੀ ਪ੍ਰਬੰਧ ਨਹੀਂ ਹੈ, ਜਿਸ ‘ਤੇ ਕੁਮਾਰ ਅਮਿਤ ਨੇ ਤੁਰੰਤ ਉਨ੍ਹਾਂ ਦੀ ਬਾਂਹ ਫੜਦਿਆਂ ਰੈਡ ਕਰਾਸ ਵੱਲੋਂ ਖਾਣੇ ਦੇ ਪੈਕਟ ਭੇਜਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਨੂੰ ਉਹ ਅੱਗੇ ਲੋੜਵੰਦਾਂ ਤੱਕ ਪੁੱਜਦਾ ਕਰਦੇ ਹਨ। ਇਸ ਮੌਕੇ ਮੌਜੂਦ ਇਲਾਕੇ ਦੇ ਹੋਰ ਵਸਨੀਕਾਂ ਸਮੇਤ ਜਸਪਾਲ ਸਿੰਘ ਤੇ ਨੰਦ ਲਾਲ ਸਕੱਤਰ ਆਦਿ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕੀਤੀ।
ਡਿਪਟੀ ਕਮਿਸ਼ਨਰ  ਕੁਮਾਰ ਅਮਿਤ ਨੇ ਦੱਸਿਆ ਕਿ ਉਹ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਜਰੀਏ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ, ਜਿਨ੍ਹਾਂ ‘ਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਡੇਰਾ ਰਾਧਾ ਸੁਆਮੀ ਸੰਸਥਾ, ਸਰਬੱਤ ਫਾਊਂਡੇਸ਼ਨ, ਮੁਸਲਿਮ ਭਾਈਚਾਰਾ ਸੋਸਾਇਟੀ, ਗੁਰਦੁਆਰ ਅੰਗੀਠਾ ਸਾਹਿਬ,  ਅਨੀਸ਼,  ਮੋਹਿਤ ਕੁਮਾਰ ਤੇ ਸ੍ਰੀ ਮਨੀਸ਼ ਸ਼ਰਮਾ ਦੀ ਮਦਦ ਨਾਲ ਪਕਾਏ ਹੋਏ ਖਾਣੇ ਦੇ ਪੈਕਟ ਤਿਆਰ ਕਰਵਾ ਕੇ ਜਰੂਰਤਮੰਦ ਲੋਕਾਂ ਤੱਕ ਪੁੱਜਦਾ ਕਰ ਰਹੇ ਹਨ।
ਕੁਮਾਰ ਅਮਿਤ ਨੇ ਦੱਸਿਆ ਕਿ ਸ਼ਹਿਰ ਦੇ ਹਰ ਵਾਰਡ ਤੇ ਕਲੋਨੀ ਸਮੇਤ ਅਰਬਨ ਅਸਟੇਟ, ਸਰਹਿੰਦ ਰੋਡ, ਬਹਾਦਰਗੜ੍ਹ, ਜੱਸੋਵਾਲ, ਸਿੱਧੂਵਾਲ, ਸਿਊਨਾ, ਧਾਮੋਮਾਜਰਾ, ਸਾਹਿਬ ਸਿੰਘ ਥੇੜੀ, ਸਨੌਰ ਸਮੇਤ ਜਿੱਥੇ ਕਿਤੇ ਵੀ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਲੋਕ ਖਾਣੇ ਤੋਂ ਬਿਨ੍ਹਾਂ ਹਨ, ਵਿਖੇ ਰੋਜ਼ਾਨਾ 8000 ਦੇ ਕਰੀਬ ਖਾਣੇ ਦੇ ਪੈਕਟ ਭੇਜੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਸੰਕਟ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜਾ ਹੈ ਪਰੰਤੂ ਲੋਕਾਂ ਨੂੰ ਵੀ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਆਪਣੇ ਘਰਾਂ ਵਿੱਚ ਰਹਿ ਕੇ ਇਸ ਦੀ ਲੜੀ ਨੂੰ ਤੋੜਨ ‘ਚ ਆਪਣਾ ਬਣਦਾ ਯੋਗਦਾਨ ਪਾਉਣਾ ਪਵੇਗਾ। ਉਨ੍ਹਾਂ ਨੇ ਆਪਣੇ ਪੱਧਰ ‘ਤੇ ਸੇਵਾ ਕਰ ਰਹੀਆਂ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਸਮਾਜਿਕ ਦੂਰੀ ਤੇ ਸਵੱਛਤਾ ਨੂੰ ਅਪਣਾ ਕੇ ਰੱਖਣ ਤਾਂ ਕਿ ਕੋਵਿਡ-19 ਦੇ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾ ਸਕੇ।

Share this Article
Leave a comment