‘ਯੋਗ ਖੁਸ਼ਹਾਲ ਅਤੇ ਤਣਾਅ ਮੁਕਤ ਜ਼ਿੰਦਗੀ ਦੀ ਕੁੰਜੀ’

TeamGlobalPunjab
3 Min Read

 

ਚੰਡੀਗੜ੍ਹ, (ਅਵਤਾਰ ਸਿੰਘ): ਕੌਮਾਂਤਰੀ ਯੋਗ ਦਿਵਸ ਵੱਖ ਵੱਖ ਥਾਈਂ ਮਨਾਇਆ ਗਿਆ। ਕੋਰੋਨਾ ਦੇ ਡਰ ਕਾਰਨ ਬਹੁਤੇ ਲੋਕਾਂ ਨੇ ਆਨਲਾਈਨ ਯੋਗ ਕੀਤਾ। ਚੰਡੀਗੜ੍ਹ ਦੀਆਂ ਬਹੁਤ ਸਾਰੀਆਂ ਪਾਰਕਾਂ ਵਿੱਚ ਲੋਕਾਂ ਦੇ ਆਸਨ ਕਰਕੇ ਆਪਣੇ ਆਪ ਨੂੰ ਤਣਾਅ ਮੁਕਤ ਕੀਤਾ। ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਵੀ ਯੋਗ ਦਿਵਸ ਮਨਾਇਆ ਗਿਆ।

ਇਸੇ ਦੌਰਾਨ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਲੋਂ ਕੌਮਾਂਤਰੀ ਯੋਗ ਦਿਵਸ ‘ਤੇ ਦੋ ਦਿਨਾ ਆਨਲਾਇਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਰਨਲ ਸੇਵਾ ਸਿੰਘ ਯੋਗ ਮਾਹਿਰ ਦੇ ਤੌਰ ‘ਤੇ ਹਾਜ਼ਰ ਹੋਏ। ਵਰਕਸ਼ਾਪ ਦੀ ਸ਼ੁਰੂਆਤ ਸਰੀਰ ਨੂੰ ਗਰਮ ਕਰਨ ਅਤੇ ਲਚਕ ਪੈਦਾ ਕਰਨ ਵਾਲੇ ਅਸਾਣਾ ਨਾਲ ਹੋਈ। ਇਸ ਤੋਂ ਬਾਅਦ ਪਦਮ ਆਸਣ, ਸੁਖ ਆਸਣ, ਤਦਆਸਣ ਅਤੇ ਭੁਜੰਗ ਆਸਣ ਆਦਿ ਕਰਵਾਏ ਗਏ। ਇਸ ਮੌਕੇ ਕਰਨਲ ਸੇਵਾ ਸਿੰਘ ਨੇ ਜ਼ੋਰ ਦਿੰਦਿਆਂ ਕਿਹਾ ਕਿ ਰੋਜ਼ਾਨਾ 5 ਤੋਂ 10 ਮਿੰਟ ਲਗਾਤਾਰ ਯੋਗ ਆਸਣ ਕਰਨ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਅਤੇ ਤਣਾਅ ਮੁਕਤ ਬਣਾ ਸਕਦੇ ਹਾਂ।

ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਵਰਕਸ਼ਾਪ ਵਿਚ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਧੁਨਿਕ ਜੀਵਨ ਸ਼ੈਲੀ ਵਿਚ ਕਾਹਲ ਅਤੇ ਤਣਾਅ ਬਹੁਤ ਤੇਜੀ ਨਾਲ ਵਧ ਰਹੇ ਹਨ, ਕੁਝ ਖੋਜਾਂ ਅਤੇ ਅਧਿਐਨ ਇਸ ਗੱਲ ਦੇ ਸੰਕੇਤਕ ਹਨ, ਕਿ ਯੋਗ ਆਸਣ ਜਿੱਥੇ ਤਨਾਅ ਘਟਾਉਂਂਦੇ ਹਨ, ਉੱਥੇ ਹੀ ਮਨਾਸਿਕ ਅਤੇ ਸਰੀਰਕ ਤੁੰਦਰੁਸਤੀ ਲਈ ਵੀ ਕਾਰਗਰ ਹਨ। ਜਿਵੇਂ ਕਿ ਸਾਰੀਆਂ ਸਰੀਰਕ ਕਸਰਤਾਂ ਨਾਲ ਸਾਡੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਲਚਕਤਾ ਵਧਦੀ ਹੈ। ਯੋਗ ਆਸਣ ਕਰਨ ਨਾਲ ਜਿੱਥੇ ਸਾਡੇ ਸੁਭਾਅ ਵਿਚ ਧੀਰਜ ਤੇ ਸਹਿਜ ਆਉਂਦਾ ਹੈ, ਉੱਥੇ ਹੀ ਇਹ ਸਾਡੇ ਸਰੀਰ ਦੇ ਵੱਖ ਵੱਖ ਅੰਗਾਂ ਦਾ ਸੰਤੁਲਨ ਵੀ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਤੱਥ ਹੈ ਕਿ ਯੋਗ ਆਸਣ ਬਹੁਤ ਅਸਾਨ ਹਨ ਅਤੇ ਹਰੇਕ ਉਮਰ ਵਰਗ ਦਾ ਵਿਅਕਤੀ ਅਸਾਨੀ ਨਾਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਯੋਗ ਅਭਿਆਸ ਦੁਆਰਾ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਲੋਕਾਂ ਨੂੰ ਅਪੀਲ ਕੀਤੀ ਯੋਗ ਕਿਰਿਆਵਾਂ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਓ। ਉਨ੍ਹਾ ਕਿਹਾ ਕਿ ਕੋਵਿਡ -19 ਵਿਸ਼ਵ ਪੱਧਰ ‘ਤੇ ਸਾਰਿਆ ਲਈ ਚਿੰਤਾ ਦਾ ਵਿਸ਼ਾ ਹੈ। ਇਸ ਦੌਰ ਵਿਚ ਯੋਗਾ ਅਭਿਆਸ ਕਰਨ ਨਾਲ ਜਿੱਥੇ ਅਸੀਂ ਤਨਾਅ ਮੁਕਤ ਹੋਕੇ ਗੂੜੀ ਨੀਂਦੇ ਸੌਂਦੇ ਹਾਂ ਉੱਥੇ ਹੀ ਰੋਗਾਂ ਨਾਲ ਲੜਨ ਦੀ ਸ਼ਕਤੀ ‘ਤੇ ਵੀ ਸਾਕਾਰਤਮਿਕ ਪ੍ਰਭਾਵ ਪੈਂਦਾ ਹੈ।

Share This Article
Leave a Comment