ਦਿੱਲੀ- ਉੱਤਰ ਪ੍ਰਦੇਸ਼ ਚ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਤੇ ਅਦਿੱਤਿਆ ਨਾਥ ਯੋਗੀ ਨੂੰ ਇਕ ਵੱਡਾ ਝਟਕਾ ਲੱਗਿਆ ਹੈ । ਯੋਗੀ ਸਰਕਾਰ ਦਾ ਇਕ ਮੰਤਰੀ ਤੇ ਚਾਰ ਵਿਧਾਇਕਾਂ ਨੇ ਭਾਜਪਾ ਛੱਡ ਕੇ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਚ ਸ਼ਮੂਲੀਅਤ ਕਰ ਦਿੱਤੀ ਹੈ । ਯੋਗੀ ਸਰਕਾਰ ਚ ਮੰਤਰੀ ਰਹੇ ਸਵਾਮੀ ਪ੍ਰਸਾਦ ਮੌਰਿਆ ਨੇ ਟਵਿੱਟਰ ਤੇ ਆਪਣੇ ਅਸਤੀਫ਼ਾ ਪੋਸਟ ਕੀਤਾ ਹੇੈ।
ਇਸ ਦੇ ਨਾਲ ਹੀ ਚਾਰ ਵਿਧਾਇਕਾਂ ਭਗਵਤੀ ਸਾਗਰ , ਵਿਨੈ ਸ਼ਾਕਿਆ ,ਬ੍ਰਿਜੇਸ਼ ਪ੍ਰਜਾਪਤੀ ਤੇ ਰੋਸ਼ਨ ਲਾਲ ਵਰਮਾ ਨੇ ਵੀ ਯੋਗੀ ਦੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ । ਜ਼ਿਕਰਯੋਗ ਹੈ ਕਿ ਸਵਾਮੀ ਪ੍ਰਸਾਦ ਮੌਰਿਆ ਨੇ 2016 ਚ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਚ ਸ਼ਮੂਲੀਅਤ ਕੀਤੀ ਸੀ ਤੇ ਉਹ ਪਿਛੜੀਆਂ ਜਾਤੀਆਂ ਵਰਗ ਨਾਲ ਸਬੰਧ ਰੱਖਦੇ ਹਨ ।
ਮੋਰੀਆ ਨੇ ਆਪਣੇ ਅਸਤੀਫੇ ਚ ਲਿਖਿਆ ਕਿ ਬੀਜੇਪੀ ਦੀ ਇੱਕ ਵੱਖਰੀ ਵਿਚਾਰਧਾਰਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਪਾਰਟੀ ਲਈ ਤਨਦੇਹੀ ਨਾਲ ਕੰਮ ਕੀਤਾ ਪਰ ਦਲਿਤਾਂ , ਪਿਛੜੇ ਵਰਗਾਂ , ਬੇਰੁਜ਼ਗਾਰਾਂ ਅਤੇ ਛੋਟੇ ਦੁਕਾਨਦਾਰਾਂ ਤੇ ਵਪਾਰੀਆਂ ਤੇ ਗੰਭੀਰ ਰੂਪ ਨਾਲ ਜ਼ੁਲਮ ਕੀਤੇ ਜਾਣ ਅਤੇ ਦਬਾਓ ਹੇਠ ਨੀਤੀ ਦੇ ਚੱਲਦੇ ਉਨ੍ਹਾਂ ਨੇ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ ।