ਮੁੱਖ ਮੰਤਰੀ ਪੀਪੀਈ ਕਿਟਾਂ ਦੀ ਖਰੀਦ ‘ਚ ਹੋਏ ਘੁਟਾਲਿਆਂ ਦੀ ਸਮਾਂ-ਬੱਧ ਜਾਂਚ ਕਰਵਾਉਣ : ਡਾ. ਦਲਜੀਤ ਸਿੰਘ ਚੀਮਾ

TeamGlobalPunjab
3 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੀਪੀਈ ਕਿਟਾਂ ਅਤੇ ਐਨ-95 ਮਾਸਕਾਂ ਦੀ ਖਰੀਦ ‘ਚ ਵਾਰ ਵਾਰ ਹੋ ਰਹੇ ਘੁਟਾਲਿਆਂ ਦੀ ਇੱਕ ਉੱਚ ਪੱਧਰੀ ਜਾਂਚ ਕਰਵਾਉਣ ਲਈ ਆਖਿਆ ਹੈ। ਪਾਰਟੀ ਨੇ ਉਜਾਗਰ ਕੀਤਾ ਹੈ ਕਿ ਕਿਸ ਤਰ੍ਹਾਂ ਅੰਮ੍ਰਿਤਸਰ ਸਰਕਾਰੀ ਮੈਡੀਕਲ ਕਾਲਜ ਦੇ ਡਾਕਟਰਾਂ ਤੋਂ ਬਾਅਦ ਹੁਣ ਲੁਧਿਆਣਾ ਸਿਵਲ ਹਸਪਤਾਲ ਦੇ ਸਮੁੱਚੇ ਸਟਾਫ ਨੇ ਉਹਨਾਂ ਨੂੰ ਦਿੱਤੀਆਂ ਘਟੀਆ ਕਿਸਮ ਦੀਆਂ ਸੁਰੱਖਿਆ ਕਿਟਾਂ ਖ਼ਿਲਾਫ ਪ੍ਰਦਰਸ਼ਨ ਕੀਤਾ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਲੁਧਿਆਣਾ ਵਿਚ ਚਾਰ ਮੈਡੀਕਲ ਸਟਾਫ ਮੈਂਬਰਾਂ ਦੇ ਕੋਵਿਡ-19 ਪਾਜ਼ੇਟਿਵ ਪਾਏ ਜਾਣ ਮਗਰੋਂ ਮੁੱਖ ਮੰਤਰੀ ਨੂੰ ਪੀਪੀਈ ਕਿਟਾਂ, ਦਸਤਾਨਿਆਂ ਅਤੇ ਮਾਸਕਾਂ ਦੀ ਖਰੀਦ ਦੀ ਇੱਕ ਸਮਾਂ-ਬੱਧ ਜਾਂਚ ਕਰਵਾਉਣ ਲਈ ਆਖਿਆ ਹੈ। ਅਕਾਲੀ ਆਗੂ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਇਹਨਾਂ ਮੂਹਰਲੀ ਕਤਾਰ ਦੇ ਯੋਧਿਆਂ ਦੀਆਂ ਜਾਨਾਂ ਕਿਸੇ ਵੀ ਕੀਮਤ ਉੱਤੇ ਖ਼ਤਰੇ ਵਿਚ ਨਹੀਂ ਪਾਉਣ ਦੇਣੀਆਂ ਚਾਹੀਦੀਆਂ। ਉਹਨਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿਚ ਇਹ ਸੁਨੇਹਾ ਜਾਵੇਗਾ ਕਿ ਸਰਕਾਰ ਨੂੰ ਉਹਨਾਂ ਡਾਕਟਰਾਂ, ਨਰਸਿੰਗ ਸਟਾਫ ਅਤੇ ਬਾਕੀ ਕਰਮਚਾਰੀਆਂ ਨਾਲ ਕੋਈ ਹਮਦਰਦੀ ਨਹੀਂ ਹੈ, ਜਿਹਨਾਂ ਨੂੰ ਉਹਨਾਂ ਦੀ ਸੁਰੱਖਿਆ ਦੀ ਪਰਵਾਹ ਕੀਤੇ ਬਿਨਾਂ ਸਰਕਾਰੀ ਹਸਪਤਾਲਾਂ ਵਿਚ ਕੰਮ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।

ਡਾਕਟਰ ਦਲਜੀਤ ਸਿੰਘ ਚੀਮਾ ਨੇ ਮੰਗ ਕੀਤੀ ਹੈ ਕਿ ਘਟੀਆ ਕਿਸਮ ਦੀਆਂ ਸਾਰੀਆਂ ਪੀਪੀਈ ਕਿਟਾਂ ਅਤੇ ਐਨ-95 ਮਾਸਕ ਸਪਲਾਈ ਕਰਨ ਵਾਲਿਆਂ ਨੂੰ ਵਾਪਸ ਕਰ ਦਿੱਤੇ ਜਾਣ ਅਤੇ ਉਹਨਾਂ ਨੂੰ ਵਧੀਆ ਕੁਆਲਿਟੀ ਦੀਆਂ ਸੁਰੱਖਿਆ ਕਿਟਾਂ ਅਤੇ ਮਾਸਕ ਦੇਣ ਲਈ ਕਿਹਾ ਜਾਵੇ। ਉਹਨਾਂ ਕਿਹਾ ਕਿ ਮੈਡੀਕਲ ਸਾਜ਼ੋ ਸਮਾਨ ਨੂੰ ਖਰੀਦਣ ਦੀ ਸਾਰੀ ਪ੍ਰਕਿਰਿਆ ਨੂੰ ਵੀ ਵਧੇਰੇ ਪਾਰਦਰਸ਼ੀ ਬਣਾਉਣਾ ਚਾਹੀਦਾ ਹੈ ਅਤੇ ਆਰਡਰ ਦੇਣ ਤੋਂ ਪਹਿਲਾਂ ਸੰਬੰਧਤ ਕੰਪਨੀਆਂ ਕੋਲੋਂ ਪੀਪੀਈ ਕਿਟਾਂ ਦੇ ਸੈਂਪਲ ਲੈਣੇ ਚਾਹੀਦੇ ਹਨ।

ਇਸੇ ਦੌਰਾਨ ਅਕਾਲੀ ਆਗੂ ਨੇ ਲੁਧਿਆਣਾ ਸਿਵਲ ਹਸਪਤਾਲ ਦੇ ਉਹਨਾਂ ਡਾਕਟਰਾਂ ਅਤੇ ਮੈਡੀਕਲ ਸਟਾਫ ਦੀ ਸ਼ਲਾਘਾ ਕੀਤੀ, ਜਿਹੜੇ ਘਟੀਆ ਕਿਸਮ ਦੀਆਂ ਕਿਟਾਂ ਦੇਣ ਵਿਰੁੱਧ ਸੰਕੇਤਕ ਪ੍ਰਦਰਸ਼ਨ ਕਰਨ ਤੋਂ ਬਾਅਦ ਜਲਦੀ ਆਪਣੀਆਂ ਡਿਊਟੀਆਂ ਉੱਤੇ ਪਰਤ ਗਏ। ਉਹਨਾਂ ਕਿਹਾ ਕਿ ਸਰਕਾਰ ਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਨੁਕਸਦਾਨ ਪੀਪੀਈ ਕਿਟਾਂ ਅਤੇ ਮਾਸਕ ਪਾ ਕੇ ਕੋਵਿਡ-19 ਵਾਰਡਾਂ ਅੰਦਰ ਕੰਮ ਕਰ ਰਿਹਾ ਮੈਡੀਕਲ ਸਟਾਫ ਬਹੁਤ ਵੱਡਾ ਖਤਰਾ ਉਠਾ ਰਿਹਾ ਹੈ। ਉਹਨਾਂ ਕਿਹਾ ਕਿ ਕੱਲ੍ਹ ਮੈਡੀਕਲ ਸਟਾਫ ਦੇ ਚਾਰ ਮੈਂਬਰ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ ਅਤੇ ਹੋਰਨਾਂ ਦੇ ਵੀ ਟੈਸਟ ਲਏ ਗਏ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਮੈਡੀਕਲ ਸਟਾਫ ਨੂੰ ਵਧੀਆ ਕਿਸਮ ਦੀਆਂ ਪੀਪੀਈ ਕਿਟਾਂ ਮੁਹੱਈਆ ਕਰਵਾਉਣੀਆਂ ਚਾਹੀਦੀਆ ਹਨ, ਨਹੀਂ ਤਾਂ ਇਸ ਮਹਾਂਮਾਰੀ ਖ਼ਿਲਾਫ ਲੜਾਈ ਵਿਚ ਸੂਬੇ ਨੂੰ ਬਹੁਤ ਵੱਡਾ ਧੱਕਾ ਲੱਗੇਗਾ।

- Advertisement -

Share this Article
Leave a comment