ਮੁੱਖ ਮੰਤਰੀ ਚੰਨੀ ‘ਤੇ ਗ੍ਰਹਿ ਮੰਤਰੀ ਰੰਧਾਵਾ ਨੂੰ ਪਤਾ ਸੀ ਕਿ ਮਜੀਠੀਆ ਕਿੱਥੇ ਹੈ, ਜਾਣ ਬੁੱਝ ਕੇ ਨਹੀਂ ਕੀਤਾ ਗ੍ਰਿਫ਼ਤਾਰ : ਰਾਘਵ ਚੱਢਾ

TeamGlobalPunjab
3 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਮੁੱਖ ਮੰਤਰੀ ਚੰਨੀ ‘ਤੇ ਜਾਣਬੁੱਝ ਕੇ ਬਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਨਾ ਕਰਨ ਦਾ ਦੋਸ਼ ਲਗਾਇਆ ਹੈ। ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਚੱਢਾ ਨੇ ਕਿਹਾ ਕਿ ਬਿਕਰਮ ਮਜੀਠੀਆ ਨੇ ਖ਼ੁਦ ਦੱਸਿਆ ਹੈ ਕਿ ਮੁੱਖ ਮੰਤਰੀ ਚੰਨੀ ਅਤੇ ਗ੍ਰਹਿ ਮੰਤਰੀ ਰੰਧਾਵਾ ਦੋਵਾਂ ਨੂੰ ਪਤਾ ਸੀ ਕਿ ਮਜੀਠੀਆ ਕਿੱਥੇ ਹੈ। ਪਰ ਉਸ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ। (ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਜਗਤਾਰ ਸਿੰਘ ਸਿੰਘੇੜਾ ਅਤੇ ਹਰਮੋਹਨ ਧਵਨ ਵੀ ਹਾਜ਼ਰ ਸਨ)।

ਚੱਢਾ ਨੇ ਕਿਹਾ ਕਿ ਅਸੀਂ ਇੱਕ ਮਹੀਨਾ ਪਹਿਲਾਂ ਹੀ ਇਸ ਗੱਲ ਦੀ ਜਾਣਕਾਰੀ ਮੀਡੀਆ ਨੂੰ ਦੇ ਦਿੱਤੀ ਸੀ ਕਿ ਚੰਨੀ ਸਰਕਾਰ ਮਜੀਠੀਆ ਖ਼ਿਲਾਫ਼ ਬਹੁਤ ਹੀ ਕਮਜ਼ੋਰ ਕੇਸ ਦਰਜ ਕਰੇਗੀ ਅਤੇ ਉਸਨੂੰ ਜ਼ਮਾਨਤ ਦਿਲਵਾਏਗੀ। ਮਜੀਠੀਆ ਦੀਆਂ ਗੱਲਾਂ ਨੇ ਸਾਡੇ ਆਰੋਪਾਂ ਨੂੰ ਸਹੀ ਸਾਬਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਵਿੱਚ ਮੁੱਖ ਮੰਤਰੀ ਚੰਨੀ ਦੇ ਭਰਾ ਨੂੰ ਸੁਖਬੀਰ ਬਾਦਲ ਨੇ ਬਚਾਇਆ ਸੀ, ਉਸੀ ਦੇ ਅਹਿਸਾਨ ਦੇ ਤੌਰ ‘ਤੇ ਚੰਨੀ ਨੇ ਸੁਖਬੀਰ ਬਾਦਲ ਦੇ ਸਾਲੇ ਬਿਕਰਮ ਮਜੀਠੀਆ ਨੂੰ ਬਚਾਇਆ ਹੈ। ਚੰਨੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਲਈ ਮਜੀਠੀਆ ‘ਤੇ ਕੇਸ ਦਰਜ ਕੀਤਾ ਸੀ।

ਚੱਢਾ ਨੇ ਦੋਸ਼ ਲਗਾਇਆ ਕਿ ਚੰਨੀ ਸਰਕਾਰ ਨੇ ਐਫਆਈਆਰ ਦਰਜ ਹੋਣ ਤੋਂ ਬਾਅਦ 22 ਦਿਨਾਂ ਤੱਕ ਜਾਣਬੁੱਝ ਕੇ ਮਜੀਠੀਆ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਅਦਾਲਤ ਵੱਲੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਖ਼ਾਰਜ ਹੋਣ ਦੇ ਬਾਵਜੂਦ ਵੀ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਕਿਉਂਕਿ ਸਰਕਾਰ ਮਜੀਠੀਆ ਨੂੰ ਗ੍ਰਿਫਤਾਰ ਕਰਨਾ ਹੀ ਨਹੀਂ ਚਾਹੁੰਦੀ ਸੀ। ਪੁਲਿਸ ਨੂੰ ਸਪੱਸ਼ਟ ਕਿਹਾ ਗਿਆ ਸੀ ਕਿ ਮਜੀਠੀਆ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਨੀ ਹੈ। ਇਹ ਪੂਰੀ ਤਰ੍ਹਾਂ ਕਾਂਗਰਸ ਅਤੇ ਚੰਨੀ ਦਾ ਚੋਣ ਸਟੰਟ ਸੀ।

ਚੱਢਾ ਨੇ ਕਿਹਾ ਕਿ ਚੰਨੀ ਸਰਕਾਰ ਬਹੁਤ ਹੀ ਕਮਜ਼ੋਰ ਅਤੇ ਲਾਚਾਰ ਸਰਕਾਰ ਸਾਬਤ ਹੋਈ ਹੈ। 111 ਦਿਨਾਂ ਦੇ ਆਪਣੇ ਕਾਰਜਕਾਲ ਦੌਰਾਨ ਚੰਨੀ ਸਰਕਾਰ ਨੇ ਤਿੰਨ ਵਾਰ ਡੀਜੀਪੀ ਅਤੇ ਏਜੀ ਬਦਲੇ ਅਤੇ ਦਰਜਨਾਂ ਵਾਰ ਐਸਪੀ ਅਤੇ ਐਸਐਸਪੀ ਦੇ ਤਬਾਦਲੇ ਕੀਤੇ। ਮੁੱਖ ਮੰਤਰੀ ਚੰਨੀ ਦੇ 111 ਦਿਨਾਂ ਦੇ ਕਾਰਜਕਾਲ ਦੌਰਾਨ 11 ਦਿਨ ਵੀ ਪੰਜਾਬ ਵਿੱਚ ਨਸ਼ਿਆਂ ਦੀ ਵਿਕਰੀ ਬੰਦ ਨਹੀਂ ਹੋਈ। ਪੂਰੇ ਪੰਜਾਬ ਵਿੱਚ ਅੱਜ ਵੀ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇ ਪੰਜਾਬ ਦੇ ਲੱਖਾਂ ਨੌਜਵਾਨ ਨਸ਼ਿਆਂ ਵਿੱਚ ਡੁੱਬ ਕੇ ਬਰਬਾਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਮਕਸਦ ਪੰਜਾਬ ਵਿੱਚੋਂ ਨਸ਼ਾ ਤਸਕਰੀ ਨੂੰ ਖਤਮ ਕਰਨਾ ਨਹੀਂ ਸੀ, ਮਜੀਠੀਆ ਖ਼ਿਲਾਫ਼ ਕੇਸ ਦਰਜ ਕਰਕੇ ਸਿਰਫ਼ ਚੋਣਾਵੀ ਲਾਹਾ ਲੈਣਾ ਸੀ।

- Advertisement -

Share this Article
Leave a comment