ਮੁੰਬਈ: ਦੱਖਣੀ ਮੁੰਬਈ ਦੇ ਸਭ ਤੋਂ ਵਿਅਸਤ ਰੇਲਵੇ ਸਟੇਸ਼ਨ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਤੋਂ ਡੀਐੱਨ ਰੋਡ ਦੇ ਦੂਜੇ ਪਾਸੇ ਲਿਜਾਉਣ ਵਾਲੇ ਫ਼ੁੱਟਓਵਰਬ੍ਰਿਜ ਅਚਾਨਕ ਡਿੱਗ ਪਿਆ ਇਹ ਘਟਨਾ ਸ਼ਾਮੀਂ 7:30 ਵਜੇ ਦੀ ਹੈ।
ਇਸ ਹਾਦਸੇ ਵਿੱਚ 6 ਵਿਅਕਤੀ ਮਾਰੇ ਗਏ ਹਨ ਤੇ 34 ਹੋਰ ਜ਼ਖ਼ਮੀ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 5-5 ਲੱਖ ਰੁਪਏ ਤੇ ਹਰੇਕ ਜ਼ਖ਼ਮੀ ਨੂੰ 50-50 ਹਜ਼ਾਰ ਰੁਪਏ ਨਕਦ ਸਹਾਇਤਾ ਤੁਰੰਤ ਦੇਣ ਦਾ ਐਲਾਨ ਕੀਤਾ ਹੈ।
ਮੁੰਬਈ ਨਗਰ ਨਿਗਮ ਦੀਆਂ ਆਫ਼ਤ ਪ੍ਰਬੰਧਨ ਟੀਮਾਂ ਇਸ ਹਾਦਸੇ ਦੇ ਪੀੜਤਾਂ ਨੂੰ ਰਾਹਤ ਪਹੁੰਚਾਉਣ ਵਿੱਚ ਲੱਗੀਆਂ ਹੋਈਆਂ ਹਨ। ਜ਼ਖ਼ਮੀਆਂ ਨੂੰ ਸੇਂਟ ਜਾਰਜ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਹ ਫ਼ੁੱਟ–ਓਵਰਬ੍ਰਿਜ ਸੀਐੱਸਐੱਮਟੀ ਸਟੇਸ਼ਨ ਦੇ ਪਲੇਟਫ਼ਾਰਮ ਨੰਬਰ 1–ਉੱਤਰੀ ਨੂੰ ਬੀਟੀ ਲੇਨ ਨਾਲ ਜੋੜਦਾ ਸੀ। ਹਾਦਸੇ ਦੇ ਤੁਰੰਤ ਬਾਅਦ ਬਚਾਅ ਕਾਰਜ ਕਰਨ ਵਾਲੀਆਂ ਟੀਮਾਂ ਮੌਕੇ ਉੱਤੇ ਪੁੱਜੀਆਂ ਤੇ ਮਲਬੇ ਹੇਠ ਦਬੇ ਲੋਕਾਂ ਨੂੰ ਬਚਾਉਣ ਦਾ ਕੰਮ ਸੰਭਾਲਿਆ। ਇਹ ਖ਼ਬਰ ਲਿਖੇ ਜਾਣ ਤੱਕ ਹਾਲੇ ਵੀ 10 ਤੋਂ 12 ਵਿਅਕਤੀ ਦਬੇ ਹੋਏ ਦੱਸੇ ਜਾ ਰਹੇ ਹਨ।
ਮੁੰਬਈ ’ਚ ਫੁੱਟ-ਓਵਰਬ੍ਰਿਜ ਡਿੱਗਣ ਕਾਰਨ 6 ਮੌਤਾਂ, 34 ਫੱਟੜ

Leave a Comment
Leave a Comment