ਮਾਰੂਥਲੀ ਟਿੱਡੀ ਦਲ ਦੀ ਸਮੱਸਿਆ ਬਾਰੇ ਵੈਬ ਸੈਮੀਨਾਰ ਰਾਹੀਂ ਕੀਤਾ ਜਾਗਰੂਕ

TeamGlobalPunjab
4 Min Read

ਲੁਧਿਆਣਾ : ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਵੱਲੋਂ ਕਰਵਾਏ ਜਾ ਰਹੇ ਵੈਬ ਸੈਮੀਨਾਰਾਂ ਦੀ ਲੜੀ ਵਿੱਚ ਦੂਸਰਾ ਵੈਬ ਸੈਮੀਨਾਰ ਅੱਜ ਕਰਵਾਇਆ ਗਿਆ। ਇਸ ਸੈਮੀਨਾਰ ਦਾ ਸਿਰਲੇਖ ‘ਭਾਰਤ ਵਿੱਚ ਮਾਰੂਥਲੀ ਟਿੱਡੀ ਦਲ ਦਾ ਇਤਿਹਾਸ ਵਰਤਮਾਨ ਸਥਿਤੀ ਅਤੇ ਭਵਿੱਖ ਦੇ ਖਤਰੇ’ ਸੀ। ਇਹ ਸੈਮੀਨਾਰ ਟਿੱਡੀ ਦਲ ਦੇ ਖਤਰੇ ਤੋਂ ਬਚਾਅ ਲਈ ਵੱਖ-ਵੱਖ ਧਿਰਾਂ ਨੂੰ ਤਕਨੀਕੀ ਜਾਣਕਾਰੀ ਦੇਣ ਦੇ ਉਦੇਸ਼ ਨਾਲ ਕਰਵਾਇਆ ਗਿਆ।

ਇਸ ਸੈਮੀਨਾਰ ਵਿੱਚ ਖੇਤੀਬਾੜੀ ਵਿਭਾਗ ਪੰਜਾਬ ਦੇ ਉਪ ਨਿਰਦੇਸ਼ਕ, ਮੁੱਖ ਖੇਤੀਬਾੜੀ ਅਧਿਕਾਰੀ, ਖੇਤੀਬਾੜੀ ਅਧਿਕਾਰੀ, ਪੀ.ਏ.ਯੂ. ਅਤੇ ਇਸਦੇ ਖੋਜ ਕੇਂਦਰਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ ਮਾਹਿਰ, ਕੀਟ ਵਿਗਿਆਨੀਆਂ ਤੋਂ ਇਲਾਵਾ ਆਈ ਸੀ ਏ ਆਰ ਅਤੇ ਗਡਵਾਸੂ ਦੇ ਮਾਹਿਰ ਸ਼ਾਮਿਲ ਹੋਏ।

ਮੁੱਖ ਬੁਲਾਰੇ ਵਜੋਂ ਭਾਰਤ ਸਰਕਾਰ ਦੇ ਜੁਆਇੰਟ ਡਾਇਰੈਕਟਰ ਅਤੇ ਪ੍ਰਸਿੱਧ ਕੀਟ ਵਿਗਿਆਨੀ ਡਾ. ਜੇ ਪੀ ਸਿੰਘ ਨੇ ਮਾਰੂਥਲੀ ਟਿੱਡੀ ਦਲ ਦੀ ਮੌਜੂਦਾ ਦਸ਼ਾ ਬਾਰੇ ਗੱਲ ਕੀਤੀ। ਉਹਨਾਂ ਨੇ ਇਸ ਖਤਰੇ ਦੇ ਜੀਵ ਵਿਗਿਆਨਕ ਕਾਰਨਾਂ ਅਤੇ ਵਿਸ਼ਵ ਪੱਧਰ ਤੇ ਮੌਜੂਦਾ ਸਥਿਤੀ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਨਾਲ ਹੀ ਫ਼ਸਲੀ ਅਤੇ ਮਾਰੂਥਲੀ ਖੇਤਰਾਂ ਵਿੱਚ ਟਿੱਡੀ ਦਲ ਦੀ ਰੋਕਥਾਮ ਦੇ ਨਿਰਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਡਾ. ਜੇ ਪੀ ਸਿੰਘ ਨੇ ਅਫਰੀਕਾ ਅਤੇ ਦੱਖਣ-ਪੱਛਮ ਏਸ਼ੀਆ ਵਿੱਚ 2018 ਦੌਰਾਨ ਪੈਦਾ ਹੋਏ ਮੌਸਮੀ ਹਾਲਾਤ ਅਤੇ ਉਹਨਾਂ ਸਥਿਤੀਆਂ ਕਾਰਨ 2019-2020 ਵਿੱਚ ਟਿੱਡੀ ਦਲ ਲਈ ਢੁੱਕਵੀਆਂ ਮੌਸਮੀ ਸਥਿਤੀਆਂ ਦੀ ਗੱਲ ਕੀਤੀ। ਇਸ ਦੇ ਨਾਲ ਹੀ ਡਾ. ਸਿੰਘ ਨੇ ਟਿੱਡੀ ਦਲ ਦੀ ਰੋਕਥਾਮ ਦੇ ਸੁਰੱਖਿਅਤ ਰਸਾਇਣਕ ਤਰੀਕਿਆਂ ਉਪਰ ਵੀ ਰੌਸ਼ਨੀ ਪਾਈ।
ਟਿੱਡੀ ਦਲ ਦੀ ਰੋਕਥਾਮ ਲਈ ਪੰਜਾਬ ਦੇ ਜੁਆਇੰਟ ਡਾਇਰੈਕਟਰ ਡਾ. ਸੁਖਦੇਵ ਸਿੰਘ ਸਿੱਧੂ ਨੇ ਪੰਜਾਬ ਵਿੱਚ ਟਿੱਡੀ ਦਲ ਦੀ ਰੋਕਥਾਮ ਲਈ ਵੱਖ-ਵੱਖ ਧਿਰਾਂ ਵੱਲੋਂ ਕੀਤੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਤਾਰੀਫ ਕੀਤੀ। ਉਹਨਾਂ ਦੱਸਿਆ ਕਿ ਅਣਸੁਖਾਵੇਂ ਸਮੇਂ ਲਈ ਢੁੱਕਵੇਂ ਪ੍ਰਬੰਧ ਅਤੇ ਮੌਕ ਕਾਰਵਾਈਆਂ ਪੰਜਾਬ ਦੇ ਵੱਖ-ਵੱਖ ਜ਼ਿਲਿ•ਆਂ ਵਿੱਚ ਕੀਤੀਆਂ ਗਈਆਂ ਹਨ ਅਤੇ ਨਾਲ ਹੀ ਉਹਨਾਂ ਦੱਸਿਆ ਕਿ ਪੰਜਾਬ ਵਿੱਚ ਟਿੱਡੀ ਦਲ ਦੇ ਖਤਰੇ ਦਾ ਸਾਹਮਣਾ ਕਰਨ ਲਈ ਪੂਰੀ ਤਰ•ਾਂ ਤਿਆਰੀ ਹੋ ਚੁੱਕੀ ਹੈ।

ਡਾ. ਸਿੱਧੂ ਨੇ ਇਸ ਸੰਬੰਧ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਉਹਨਾਂ ਨੇ ਪਾਣੀ ਅਤੇ ਛਿੜਕਾਅ ਯੰਤਰ ਤਿਆਰ ਰੱਖਣ ਲਈ ਕਿਹਾ। ਰਾਜਸਥਾਨ ਦੇ ਉਪ ਨਿਰਦੇਸ਼ਕ ਖੇਤੀਬਾੜੀ ਡਾ. ਜੀ ਆਰ ਮਟੋਰੀਆ ਨੇ ਇਸ ਸੰਬੰਧ ਵਿੱਚ ਆਪਣੇ ਤਜਰਬੇ ਸਾਂਝੇ ਕਰਦਿਆਂ ਟਿੱਡੀ ਦਲ ਦੀ ਰੋਕਥਾਮ ਦੇ ਕਾਮਯਾਬ ਤਰੀਕੇ ਸਾਂਝੇ ਕੀਤੇ। ਸ੍ਰੀ ਰਜਿੰਦਰ ਸਿੰਘ ਵਰਮਾ ਨੇ ਗਲਤ ਪਛਾਣ ਕਾਰਨ ਘਾਹ ਦੇ ਟਿੱਡਿਆਂ ਨੂੰ ਟਿੱਡੀ ਦਲ ਸਮਝਣ ਦੇ ਭੁਲੇਖੇ ਬਾਰੇ ਹੋਰ ਜਾਗਰੂਕਤਾ ਫੈਲਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।

- Advertisement -

ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪੀ ਕੇ ਛੁਨੇਜਾ ਨੇ ਟਿੱਡੀ ਦਲ ਅਤੇ ਹੋਰ ਕੀੜਿਆਂ ਦੀ ਰੋਕਥਾਮ ਲਈ ਵੱਖ-ਵੱਖ ਸਹਿਯੋਗੀ ਧਿਰਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਪੀ.ਏ.ਯੂ. ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ। ਉਹਨਾਂ ਨੇ ਵਿਸਥਾਰ ਨਾਲ ਦੱਸਿਆ ਕਿ ਘਾਹ ਦੇ ਟਿੱਡਿਆਂ ਅਤੇ ਟਿੱਡੀ ਦਲ ਵਿੱਚ ਪਛਾਣ ਦੇ ਅੰਤਰ ਅਤੇ ਵਿਹਾਰ ਨੂੰ ਸਮਝਾ ਕੇ ਟਿੱਡੀ ਦਲ ਦੀ ਰੋਕਥਾਮ ਦੇ ਕਾਮਯਾਬ ਤਰੀਕੇ ਪੀ.ਏ.ਯੂ. ਵੱਲੋਂ ਸਹਿਯੋਗੀ ਧਿਰਾਂ ਤੱਕ ਪਹੁੰਚਾਏ ਗਏ ਹਨ। ਇਸ ਵੈਬਨਾਰ ਵਿੱਚ ਵੱਖ-ਵੱਖ ਬੁਲਾਰਿਆਂ ਵਿੱਚ ਸੰਵਾਦ ਦਾ ਇੱਕ ਸੈਸ਼ਨ ਹੋਇਆ। ਅੰਤ ਵਿੱਚ ਵੈਬਨਾਰ ਦੇ ਪ੍ਰਬੰਧਕੀ ਸਕੱਤਰ ਅਤੇ ਮੁੱਖ ਕੀਟ ਵਿਗਿਆਨੀ ਡਾ. ਕੇ ਐਸ ਸੂਰੀ ਨੇ ਭਾਗ ਲੈਣ ਲਈ ਸਭ ਦਾ ਧੰਨਵਾਦ ਕੀਤਾ।

 

Share this Article
Leave a comment