ਬਠਿੰਡਾ : ਲੋਕ ਸਭਾ ਹਲਕਾ ਬਠਿੰਡਾ ਤੋਂ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ‘ਤੇ ਮੌੜ ਮੰਡੀ ਦੇ ‘ਆਪ’ ਵਿਧਾਇਕ ਜਗਦੇਵ ਸਿੰਘ ਕਮਾਲੂ ਦੀ ਇੱਕ ਅਜਿਹੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਭਗਵੰਤ ਮਾਨ ਦੇ ਸਮਰਥਕ ਸੁਖਪਾਲ ਖਹਿਰਾ ਅਤੇ ਜਗਦੇਵ ਸਿੰਘ ਕਮਾਲੂ ਨੂੰ ਆਮ ਆਦਮੀ ਪਰਾਟੀ ਛੱਡਣ ਬਾਰੇ ਸਵਾਲ ਪੁੱਛ-ਪੱਛ ਕੇ ਲਾਜਵਾਬ ਕਰਨ ਤੱਕ ਜਾ ਰਹੇ ਹਨ। ਕੁੱਲ 2 ਮਿੰਟ 22 ਸਕਿੰਟ ਦੀ ਇਸ ਵੀਡੀਓ ਵਿੱਚ ਹਾਲਾਂਕਿ ਪਹਿਲਾਂ ਮਾਨ ਦੇ ਸਮਰਥਕਾਂ ਨਾਲ ਸੁਖਪਾਲ ਖਹਿਰਾ ਤੇ ਜਗਦੇਵ ਸਿੰਘ ਕਮਾਲੂ ਦੋਵੇਂ ਬਹਿਸ ਕਰਦੇ ਹਨ, ਪਰ ਜਦੋਂ ਇੰਝ ਜਾਪਣ ਲਗਦਾ ਹੈ ਜਿਵੇਂ ਮਾਨ ਸਮਰਥਕ ਖਹਿਰਾ ਤੇ ਕਮਾਲੂ ‘ਤੇ ਕੁਝ ਜਿਆਦਾ ਹੀ ਭਾਰੂ ਪੈਂਦੇ ਜਾ ਰਹੇ ਹਨ ਤਾਂ ਵੀਡੀਓ ਵਿੱਚ ਠੀਕ ਇੱਕ ਮਿੰਟ ਬਾਅਦ ਸੁਖਪਾਲ ਸਿੰਘ ਖਹਿਰਾ ਮਾਨ ਦੇ ਸਮਰਥਕਾਂ ਨੂੰ ਇਹ ਕਹਿ ਕੇ ਸਕਰੀਨ ਤੋਂ ਬਾਹਰ ਚਲੇ ਜਾਂਦੇ ਹਨ, ਕਿ ਜਿਨ੍ਹਾਂ ਨੇ ਨਸ਼ਿਆਂ ਦੇ ਮੁੱਦੇ ‘ਤੇ ਮਾਫੀ ਮੰਗੀ ਹੈ, ਤੁਸੀਂ ਉਨ੍ਹਾਂ ਨੂੰ ਹੀ ਵੋਟ ਪਾਓ।
ਇਸ ਵਾਇਰਲ ਵੀਡੀਓ ਨੂੰ ਚਲਾ ਕੇ ਦੇਖਣ ‘ਤੇ ਪਤਾ ਚਲਦਾ ਹੈ ਕਿ ਕੁਝ ਲੋਕ ਸੁਖਪਾਲ ਖਹਿਰਾ ਤੇ ਜਗਦੇਵ ਸਿੰਘ ਕਮਾਲੂ ਨੂੰ ਘੇਰੀ ਖੜ੍ਹੇ ਹਨ। ਜਿਹੜੇ ਕਿ ਆਪਣੇ ਆਪ ਨੂੰ ਭਗਵੰਤ ਮਾਨ ਦੇ ਸਮਰਥਕ ਦੱਸ ਕੇ ਖਹਿਰਾ ਅਤੇ ਕਮਾਲੂ ਤੋਂ ਅਸਤੀਫੇ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਸੁਖਪਾਲ ਖਹਿਰਾ ਉਨ੍ਹਾਂ ਵਿੱਚੋਂ ਇੱਕ ਸਮਰਥਕ ਦੇ ਮੋਢੇ ‘ਤੇ ਹੱਥ ਰੱਖ ਕੇ ਉਸ ਨੂੰ ਸਵਾਲ ਕਰਦੇ ਹਨ ਕਿ, “ਤੁਸੀਂ ਕਹਿੰਦੇ ਹੋਂ ਕਿ ਅਸੀਂ ਵਿਧਾਇਕੀ ਤੋਂ ਅਸਤੀਫਾ ਦਈਏ।” ਖਹਿਰਾ ਉਸ ਸਮਰਥਕ ਨੂੰ ਪੁੱਛਦੇ ਹਨ ਕਿ ਕੇਜਰੀਵਾਲ ਨੇ ਕੁੱਲ 117 ਉਮੀਦਵਾਰ ਖੜ੍ਹੇ ਕੀਤੇ ਸਨ। ਜਿਨ੍ਹਾਂ ਵਿੱਚੋਂ ਸਿਰਫ 20 ਉਮੀਦਵਾਰ ਹੀ ਜਿੱਤੇ। ਫਿਰ ਉਹ ਇਹ ਦੱਸਣ ਕਿ ਜਿਹੜੇ 97 ਉਮੀਦਵਾਰ ਹਾਰੇ ਉਨ੍ਹਾਂ ਦੀ ਜਿੰਮੇਵਾਰੀ ਕੌਣ ਲੈਂਦਾ ਹੈ?
ਇਹ ਗੱਲ ਸੁਣ ਕੇ ਮਾਨ ਦਾ ਸਮਰਥਕ ਦੋਵਾਂ ਵਿਧਾਇਕਾਂ ਨੂੰ ਸਵਾਲ ਕਰਦਾ ਹੈ, ਕਿ ਤੁਸੀਂ ਲੋਕ ਝਾੜੂ ਵਾਲਿਆਂ ਨੂੰ ਮਾੜਾ ਸਮਝਦੇ ਹੋਂ, ਤਾਂ ਫਿਰ ਅਸਤੀਫਾ ਕਿਉਂ ਨਹੀਂ ਦੇ ਦਿੰਦੇ? ਇਸ ਦੇ ਜਵਾਬ ਵਿੱਚ ਜਗਦੇਵ ਸਿੰਘ ਕਮਾਲੂ ਉਸ ਸਮਰਥਕ ਨੂੰ ਸਮਝਾਉਂਦੇ ਹਨ ਕਿ ਅਸੀਂ ਝਾੜੂ ਵਾਲੇ ਨੂੰ ਮਾੜਾ ਨਹੀਂ ਕਹਿੰਦੇ । ਇਹ ਮਸਲਾ ਇੱਥੇ ਤੱਕ ਇਸ ਲਈ ਪਹੁੰਚਿਆ ਹੈ ਕਿਉਂਕਿ ਕੇਜਰੀਵਾਲ ਨਸ਼ਿਆਂ ਦੇ ਮੁੱਦੇ ‘ਤੇ ਬਿਕਰਮ ਮਜੀਠੀਆ ਤੋਂ ਮਾਫੀ ਮੰਗ ਗਏ। ਇੱਥੇ ਖਹਿਰਾ ਤਰਕ ਦਿੰਦੇ ਹਨ ਕਿ ਕੇਜਰੀਵਾਲ ਤਾਂ ਗੱਠਜੋੜ ਕਰਨ ਲਈ ਕਾਂਗਰਸ ਦੀਆਂ ਮਿਨਤਾਂ ਕਰ ਰਹੇ ਹਨ। ਉਨ੍ਹਾਂ ਗੁੱਸੇ ‘ਚ ਮਾਨ ਦੇ ਸਮਰਥਕ ਨੂੰ ਪੁੱਛਿਆ ਕਿ, ਕੀ ਤੁਸੀਂ ਕਾਂਗਰਸ ਨਾਲ ਸਹਿਮਤ ਹੋਂ? ਕਿਉਂਕਿ ਕੇਜਰੀਵਾਲ ਕਾਂਗਰਸ ਦੀਆਂ ਮਿਨਤਾਂ ਕੱਢ ਰਿਹਾ ਹੈ। ਇਹ ਸੁਣ ਕੇ ਉੱਥੇ ਖੜ੍ਹੇ ਮਾਨ ਸਮਰਥਕ ਤੁਰੰਤ ਜਵਾਬ ਦਿੰਦੇ ਹਨ ਕਿ ਨਾ ਅਸੀਂ ਕਾਂਗਰਸ ਨਾਲ ਸਹਿਮਤ ਹਾਂ ਤੇ ਨਾ ਹੀ ਹਰਸਿਮਰਤ ਕੌਰ ਬਾਦਲ ਨਾਲ। ਅਸੀਂ ਸਿਰਫ ਭਗਵੰਤ ਮਾਨ ਦੇ ਨਾਲ ਹਾਂ, ਕੇਜਰੀਵਾਲ ਨਾਲ ਨਹੀਂ। ਇੱਥੇ ਬਹਿਸ ਹੋਰ ਭਖ਼ ਜਾਂਦੀ ਹੈ ਤੇ ਖਹਿਰਾ ਕਹਿੰਦੇ ਹਨ ਕਿ ਕੇਜਰੀਵਾਲ ਭਗਵੰਤ ਮਾਨ ਨੂੰ ਪ੍ਰਧਾਨ ਮੰਨਦਾ ਹੈ। ਮਾਨ ਸਮਰਥਕ ਇੱਥੇ ਖਹਿਰਾ ਨੂੰ ਪੁੱਛਦੇ ਹਨ ਕਿ ਅਸੀਂ ਤੁਹਾਡੇ ਲਈ ਕਿਹੜਾ ਕੰਮ ਨਹੀਂ ਕੀਤਾ, ਅਸੀਂ ਤੁਹਾਡੇ ਲਈ ਵੀ ਰੈਲੀਆਂ ਕੀਤੀਆਂ ਹਨ। ਇੰਨਾ ਸੁਣਦਿਆਂ ਹੀ ਸੁਖਪਾਲ ਖਹਿਰਾ ਨੂੰ ਹੋਰ ਗੁੱਸਾ ਆ ਜਾਂਦਾ ਹੈ ਤੇ ਉਹ ਉਨ੍ਹਾਂ ਸਮਰਥਕਾਂ ਨੂੰ ਰਸਤੇ ‘ਚੋਂ ਹਟਾਉਣ ਵਾਲੇ ਅੰਦਾਜ਼ ਵਿੱਚ ਉਸ ਸਮਰਥਕ ਨੂੰ ਕਹਿੰਦੇ ਹਨ ਕਿ ਤੁਸੀਂ ਭਗਵੰਤ ਮਾਨ ਨੂੰ ਵੋਟ ਪਾਓ, ਜਿਹੜੇ ਨਸ਼ਿਆਂ ਦੇ ਮੁੱਦੇ ‘ਤੇ ਮਾਫੀ ਮੰਗਦੇ ਹਨ, ਉਨ੍ਹਾਂ ਦਾ ਸਾਥ ਦਿਓ। ਇਹ ਕਹਿ ਕੇ ਸੁਖਪਾਲ ਖਹਿਰਾ ਹੱਥ ਜੋੜਦੇ ਹੋਏ ਉੱਥੋਂ ਖਿਸਕ ਜਾਂਦੇ ਹਨ, ਪਰ ਜਗਦੇਵ ਸਿੰਘ ਕਮਾਲੂ ਉਨ੍ਹਾਂ ਵਿੱਚ ਉੱਥੇ ਹੀ ਖੜ੍ਹ ਕੇ ਬਹਿਸ ਕਰਦੇ ਰਹਿੰਦੇ ਹਨ ਤੇ ਇਸ ਬਹਿਸ ਵਿੱਚ ਮਾਨ ਸਮਰਥਕ ਜਗਦੇਵ ਸਿੰਘ ਕਮਾਲੂ ਨੂੰ ਇੱਥੋਂ ਤੱਕ ਕਹਿ ਦਿੰਦੇ ਹਨ ਕਿ ਜੇ ਤੁਹਾਡੇ ‘ਚ ਦਮ ਹੈ ਤਾਂ ਤੁਸੀਂ ਅਸਤੀਫਾ ਦਿਓ ਤੇ ਫਿਰ ਚੋਣ ਜਿੱਤ ਕੇ ਦਿਖਾਓ।
ਹੁਣ ਇਹ ਘਟਨਾ ਅਚਾਨਕ ਹੋਈ ਜਾਂ ਮਾਨ ਦੇ ਸਮਰਥਕਾਂ ਨੇ ਮਿੱਥ ਕੇ ਖਹਿਰਾ ਅਤੇ ਕਮਾਲੂ ਨੂੰ ਘੇਰਿਆ ਤੇ ਵੀਡੀਓ ਬਣਾ ਲਈ ਤਾਂ ਕਿ ਵਾਇਰਲ ਕੀਤੀ ਜਾ ਸਕੇ, ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ, ਪਰ ਇੰਨਾ ਜਰੂਰ ਹੈ ਕਿ ਚੋਣਾਂ ਮੌਕੇ ਅਜਿਹੀ ਵੀਡੀਓ ਵਾਇਰਲ ਹੋਣਾ ਉਨ੍ਹਾਂ ਉਮੀਦਵਾਰਾਂ ਦੇ ਸਿਆਸੀ ਜ਼ਖ਼ਮ ਜਰੂਰ ਹਰੇ ਕਰ ਜਾਂਦੀਆਂ ਹਨ ਜਿਨ੍ਹਾਂ ਨੂੰ ਉਹ ਹਵਾ ਵੀ ਨਹੀਂ ਲੱਗਣ ਦੇਣਾ ਚਹੁੰਦੇ। ਕੁੱਲ ਮਿਲਾ ਕੇ ਵੀਡੀਓ ਨੂੰ ਜਿੱਥੇ ਮਾਨ ਸਮਰਥਕ ਖੂਬ ਚਟਕਾਰਾ ਲੈ ਕੇ ਦੇਖ ਰਹੇ ਹਨ, ਉੱਥੇ ਖਹਿਰਾ ਦੇ ਸਮਰਥਕ ਇਸ ਨੂੰ ਵਿਰੋਧੀਆਂ ਦੀ ਚਾਲ ਦੱਸ ਰਹੇ ਹਨ। ਇਹ ਸਭ ਦੂਰੋਂ ਦੇਖ ਰਹੇ ਸਿਆਸੀ ਮਾਹਰ ਹੁਣ ਇਸ ਸੋਚੀਂ ਪਏ ਹੋਏ ਹਨ, ਕਿ ਇਹ ਚਾਲ ਕਿਸ ਨੇ ਚੱਲੀ ਤੇ ਕੌਣ ਇਸ ਚਾਲ ‘ਚ ਫਸ ਗਿਆ, ਇਸ ਦਾ ਨਤੀਜਾ ਦੇਖਣ ਲਈ ਲੋਕ 23 ਮਈ ਤੱਕ ਇੰਤਜ਼ਾਰ ਪਤਾ ਨਹੀਂ ਕਿਵੇਂ ਕਰਨਗੇ?
https://youtu.be/EnELkDIiv-o