ਮਹਾਤਮਾ ਗਾਂਧੀ ਦੇ ਜੀਵਨ ਤੋਂ ਪ੍ਰੇਰਤ ਹੋ ਕੇ ਮਾਨਵਤਾ ਦਾ ਕਲਿਆਣ ਹੋ ਸਕਦਾ: ਡਾ ਮੀਰਾ ਗੌਤਮ

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ): ਇਥੋਂ ਦੇ ਗਾਂਧੀ ਸਮਾਰਕ ਭਵਨ ਸੈਕਟਰ 16 ਵਿੱਚ ਰਾਸ਼ਟ੍ਰਪਿਤਾ ਮਹਾਤਮਾ ਗਾਂਧੀ ਦੀ 151ਵੀਂ ਜਯੰਤੀ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ 116ਵੀਂ ਜਯੰਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਚੰਡੀਗੜ੍ਹ ਨਗਰ ਨਿਗਮ ਦੇ ਦੇ ਸਾਬਕਾ ਮੇਅਰ ਦੇਵੇਸ਼ ਮੋਦਗਿਲ ਨੇ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਦੋਵਾਂ ਮਹਾਨ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਉਨ੍ਹਾਂ ਦੇ ਜੀਵਨ ਸੰਬੰਧੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਸਾਡੇ ਜੀਵਨ ਵਿੱਚ ਕਾਫੀ ਤਬਦੀਲੀ ਆ ਚੁੱਕੀ ਹੈ ਨੌਜਵਾਨ ਪੀੜ੍ਹੀ ਨੂੰ ਆਪਣੀ ਊਰਜਾ ਰਚਨਾਤਮਿਕ ਕੰਮ ਵਿੱਚ ਲਗਾਉਣੀ ਚਾਹੀਦੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਸਮੂਹਕ ਚਰਖਾ ਕੱਤਣ ਨਾਲ ਹੋਈ। ਬੱਚਿਆਂ ਨੇ ਗਾਂਧੀ ਜੀ ਦੇ ਭਜਨ ਪੇਸ਼ ਕੀਤੇ।


ਪ੍ਰੋਗਰਾਮ ਦੀ ਮੁੱਖ ਬੁਲਾਰਾ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਹਿੰਦੀ ਵਿਭਾਗ ਦੀ ਸਾਬਕਾ ਰੀਡਰ ਅਤੇ ਡੀਨ ਡਾ ਮੀਰਾ ਗੌਤਮ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਦੇਸ਼ ਵਿੱਚ ਕਈ ਅੰਦੋਲਨ ਸ਼ੁਰੂ ਕੀਤੇ ਪਰ ਓਹਨਾ ਸਭ ਦੀ ਵਿਸ਼ੇਸ਼ਤਾ ਇਹ ਰਹੀ ਕਿ ਉਹ ਸਾਰੇ ਸ਼ਾਂਤੀਪੂਰਵਕ ਤੇ ਅਹਿੰਸਕ ਰਹੇ। ਡਾ ਮੀਰਾ ਨੇ ਅੱਗੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਉਨ੍ਹਾਂ ਦਾ ਆਦਿਵਾਸੀ ਜੰਗਲ ਬਚਾਓ ਅੰਦੋਲਨ ਵਿਲੱਖਣ ਸੀ। ਉਹ ਕੁਦਰਤ ਪ੍ਰੇਮੀ ਸਨ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਅਰੁਣ ਜੌਹਰ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਰਾਸ਼ਟ੍ਰਪਿਤਾ ਦੀ ਆਤਮ ਕਥਾ ਜ਼ਰੂਰ ਪੜ੍ਹਨੀ ਚਾਹੀਦੀ ਹੈ ਕਿਓਂਕਿ ਬਾਪੂ ਕਹਿੰਦੇ ਸਨ ਕਿ ਜੀਵਨ ਹੀ ਓਹਨਾ ਦਾ ਸੰਦੇਸ਼ ਹੈ। ਜੌਹਰ ਨੇ ਕਿਹਾ ਕਿ ਲਾਲ ਬਹਾਦੁਰ ਸ਼ਾਸ਼ਤਰੀ ਦੀ ਇਮਾਨਦਾਰੀ ਦੀ ਮਿਸਾਲ ਅੱਜ ਕੱਲ੍ਹ ਦੇ ਸਿਆਸਤਦਾਨਾਂ ਵਿੱਚ ਨਹੀਂ ਮਿਲਦੀ। ਸਮਾਜਸੇਵੀ ਡਾ ਸੁਭਾਸ਼ ਗੋਇਲ ਨੇ ਕਿਹਾ ਕਿ ਮਹਾਤਮ ਗਾਂਧੀ ਕੁਦਰਤੀ ਇਲਾਜ ਵਿੱਚ ਵਿਸ਼ਵਾਸ਼ ਰੱਖਦੇ ਸਨ।

ਗਾਂਧੀ ਸਮਾਰਕ ਭਾਵ ਦੇ ਡਾਈਰੈਕਟਰ ਦੇਵ ਰਾਜ ਤਿਆਗੀ ਨੇ ਕਿਹਾ ਕਿ ਮਹਾਤਮਾ ਗਾਂਧੀ ਵਲੋਂ ਦਿਖਾਏ ਸਚੇ ਰਸਤੇ ਉਪਰ ਚਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਾਂਧੀ ਜੀ ਨੇ 2,338 ਦਿਨ ਜੇਲ ਕੱਟੀ।

- Advertisement -

ਚੰਡੀਗੜ੍ਹ ਦੂਰਦਰਸ਼ਨ ਕੇਂਦਰ ਦੇ ਡਾਇਰੈਕਟਰ ਡਾ ਐਨ ਐਨ ਮਿਨਹਾਸ ਨੇ ਕਿਹਾ ਕਿ ਗਾਂਧੀ ਜੀ ਨੇ ਨਮਕ ਅੰਦੋਲਨ ਤੇ ਡਾਂਡੀ ਮਾਰਚ ਦੇਸ਼ ਨੂੰ ਸ਼ੋਸ਼ਨਮੁਕਤ ਕਰਨ ਲਈ ਕੀਤਾ ਸੀ। ਗਾਂਧੀ ਸਮਾਰਕ ਭਵਨ ਦੇ ਡਾ ਐਮ ਪੀ ਡੋਗਰਾ ਨੇ ਵੀ ਮਹਾਤਮਾ ਗਾਂਧੀ ਦੇ ਜੀਵਨ ਰੋਸ਼ਨੀ ਪਾਈ ਅਤੇ ਸਭ ਦਾ ਧੰਨਵਾਦ ਕੀਤਾ।

ਪ੍ਰੋਗਰਾਮ ਵਿਚ ਰਮਨ ਸ਼ਰਮਾ, ਯੋਗੀ ਨਰੇਸ਼, ਡਾ ਵੀਨਾ, ਡਾ ਦਲਜੀਤ ਕੌਰ, ਮਮਤਾ ਬਹਿਲ, ਕੰਚਨ ਬਹਿਲ, ਸੰਤੋਸ਼ ਗਰਗ, ਉਰਮਿਲਾ ਰਾਠੀ, ਪੂਨਮ ਸ਼ਰਮਾ ਨੇ ਸ਼ਮੂਲੀਅਤ ਕੀਤੀ।

Share this Article
Leave a comment