ਚੰਡੀਗੜ੍ਹ: ਬਹੁ-ਚਰਚਿਤ ਸਿੰਥੈਟਕ ਡਰੱਗ ਕੇਸ ‘ਚ ਘਿਰੇ ਬਾਦਲ ਪਰਿਵਾਰ ਦੇ ਮੈਂਬਰ ਅਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਬੁੱਧਵਾਰ ਵੀ ਰਾਹਤ ਨਾ ਦਿੱਤੇ ਜਾਣ ‘ਤੇ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਮੀਤ ਹੇਅਰ ਨੇ ਦੋਸ਼ ਲਗਾਇਆ ਕਿ ਨਸ਼ਾ ਮਾਫ਼ੀਆ ਦੇ 75: 25 ਖੇਡ ‘ਚ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗ੍ਰਹਿ-ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਬਾਦਲ ਪਰਿਵਾਰ ਨਾਲ ਨੂਰਾ-ਕੁਸ਼ਤੀ ਖੇਡ ਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਬੁੱਧਵਾਰ ਨੂੰ ਜਾਰੀ ਬਿਆਨ ਰਾਹੀਂ ਮੀਤ ਹੇਅਰ ਨੇ ਕਿਹਾ ਕਿ ਚੰਨੀ ਸਰਕਾਰ ਜਾਣਬੁੱਝ ਕੇ ਬਿਕਰਮ ਸਿੰਘ ਮਜੀਠੀਆ ਨੂੰ ਗਿਰਫਤਾਰ ਨਹੀਂ ਕਰ ਰਹੀ, ਜਦਕਿ ਮਾਨਯੋਗ ਹਾਈਕੋਰਟ ਨੇ ਅੱਜ ਵੀ ਮਜੀਠੀਆ ਨੂੰ ਰਾਹਤ ਨਹੀਂ ਦਿੱਤੀ। ਮੀਤ ਹੇਅਰ ਨੇ ਪੰਜਾਬ ਦੇ ਐਡਵੋਕੇਟ ਜਨਰਲ (ਏਜੀ) ਦਫ਼ਤਰ ਵੀ ਇਸ ਹਾਈਪ੍ਰੋਫਾਇਲ ਦੀ ਢਿੱਲੀ ਪੈਰਵੀ ਕਰ ਰਿਹਾ ਹੈ, ਜੇਕਰ ਮਜੀਠੀਆ ਖ਼ਿਲਾਫ਼ ਐਫਆਈਆਰ ‘ਚ ਦਮ ਹੁੰਦਾ ਅਤੇ ਏਜੀ ਦਫ਼ਤਰ ਪੂਰੀ ਮੁਸਤੈਦੀ ਨਾਲ ਪੈਰਵੀ ਕਰਦਾ ਹੁੰਦਾ ਤਾਂ ਮਜੀਠੀਆ ਦੀ ਪਟੀਸ਼ਨ ਹੁਣ ਤੱਕ ਰੱਦ ਹੋਈ ਹੁੰਦੀ।
ਮੀਤ ਹੇਅਰ ਨੇ ਕਿਹਾ ਕਿ ਜੇਕਰ ਚੰਨੀ ਸਰਕਾਰ ਪੰਜਾਬ ‘ਚੋਂ ਨਸ਼ਿਆਂ ਦਾ ਜਾਲ ਖ਼ਤਮ ਕਰਨ ਲਈ ਹੱਤੀ ਭਰ ਵੀ ਵਚਨਬੱਧ ਹੁੰਦੀ ਤਾਂ ਬਿਕਰਮ ਸਿੰਘ ਮਜੀਠੀਆ ਉਸੇ ਦਿਨ ਗਿਰਫਤਾਰ ਕਰ ਲਿਆ ਜਾਂਦਾ, ਜਿਸ ਦਿਨ ਮਜੀਠੀਆ ਵਿਰੁੱਧ ਐਫਆਈਆਰ ਦਰਜ ਕੀਤੀ ਸੀ। ਪਰ ਕਿਉਂਕਿ ਐਫਆਈਆਰ ਸਿਰਫ਼ ਸਿਆਸੀ ਸਟੰਟ ਸੀ, ਇਸ ਲਈ ਮਜੀਠੀਆ ਨੂੰ ਹੱਥ ਨਹੀਂ ਪਾਇਆ ਜਾ ਰਿਹਾ।