ਭੋਜਨ ਸਪਲਾਈ ਲੜੀ ਬਾਰੇ ਦੋ ਰੋਜ਼ਾ ਵਰਕਸ਼ਾਪ ਪੀ.ਏ.ਯੂ. ਵਿੱਚ ਹੋਈ ਸਮਾਪਤ

TeamGlobalPunjab
3 Min Read

ਲੁਧਿਆਣਾ : ਪੀ.ਏ.ਯੂ. ਵਿੱਚ ਭੋਜਨ ਸਪਲਾਈ ਲੜੀ ਬਾਰੇ ਦੋ ਰੋਜ਼ਾ ਵਰਕਸ਼ਾਪ ਅੱਜ ਸਮਾਪਤ ਹੋਈ। ਇਸ ਵਰਕਸ਼ਾਪ ਦਾ ਉਦੇਸ਼ ‘ ਦੁਵੱਲੀ ਸਾਂਝ ਰਾਹੀਂ ਭੋਜਨ ਲੜੀ ਦੀ ਖੋਜ ਅਤੇ ਵਿਕਾਸ’ ਸੀ। ਇਸ ਵਿੱਚ ਮੁਨਾਸ਼ ਯੂਨੀਵਰਸਿਟੀ ਆਸਟ੍ਰੇਲੀਆ, ਲਿੰਕਨ ਯੂਨੀਵਰਸਿਟੀ ਬਰਤਾਨੀਆ ਅਤੇ ਪੀ.ਏ.ਯੂ. ਅਕਾਦਮਿਕ ਸਾਂਝ ਰਾਹੀਂ ਭੋਜਨ ਸਪਲਾਈ ਲੜੀ ਦਾ ਸਾਂਝਾ ਨੈਟਵਰਕ ਉਸਾਰਨ ਦੇ ਮੌਕਿਆਂ ਉਪਰ ਵਿਚਾਰ ਕਰਨ ਲਈ ਇੱਕ ਜੁੱਟ ਹੋਏ ਸਨ । ਇਹ ਵਰਕਸ਼ਾਪ ਨਿਊਟਨ ਭਾਬਾ ਪ੍ਰੋਜੈਕਟ ਦਾ ਹਿੱਸਾ ਸੀ ਅਤੇ ਗਲੋਬਲ ਵੈਲਿਯੂ ਚੇਨ ਖੋਜ ਨੈਟਵਰਕ ਤਹਿਤ ਇਸ ਵਰਕਸ਼ਾਪ ਦਾ ਆਯੋਜਨ ਹੋਇਆ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੀ.ਏ.ਯੂ. ਨਵੀਆਂ ਤਕਨੀਕਾਂ ਦੇ ਪਸਾਰ ਲਈ ਲਗਾਤਾਰ ਵਚਨਬੱਧ ਹੈ। ਉਨ੍ਹਾਂ ਨੇ ਭੋਜਨ ਸਪਲਾਈ ਲੜੀ ਐਡਵਾਂਸਮੈਂਟ ਨੈਟਵਰਕ (ਫੂਡ ਸਕੈਨ) ਦੇ ਮੂਲ ਢਾਂਚੇ ਦੀ ਉਸਾਰੀ ਲਈ ਪੀ.ਏ.ਯੂ. ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਭੋਜਨ ਪ੍ਰੋਸੈਸਿੰਗ ਅਤੇ ਇੰਜਨੀਅਰਿੰਗ ਵਿਭਾਗ ਨੂੰ ਇੱਕ ਮਹੀਨੇ ਵਿੱਚ ਫੂਡ ਸਕੈਨ ਸੰਬੰਧੀ ਵੈਬਸਾਈਟ ਦੇ ਨਿਰਮਾਣ ਲਈ ਪ੍ਰੇਰਿਤ ਕੀਤਾ ।
ਮੁਨਾਸ਼ ਯੂਨੀਵਰਸਿਟੀ ਦੇ ਡਾ. ਗਲੇਨ ਕਰੋਏ ਨੇ ਆਖਰੀ ਸੈਸ਼ਨ ਦੀ ਪ੍ਰਧਾਨਗੀ ਕੀਤੀ ਅਤੇ ਉਨ੍ਹਾਂ ਨੇ ਸੰਸਾਰ ਪੱਧਰ ਅਤੇ ਵਿਸ਼ੇਸ਼ ਕਰਕੇ ਭਾਰਤ ਵਿੱਚ ਭੋਜਨ ਸਪਲਾਈ ਲੜੀ ਲਈ ਮੁਹੱਈਆ ਮੌਕਿਆਂ ਬਾਰੇ ਗੱਲ ਕੀਤੀ।
ਪੀ.ਏ.ਯੂ. ਦੇ ਕੰਪਟਰੋਲਰ ਡਾ. ਸੰਦੀਪ ਕਪੂਰ ਅਤੇ ਬਿਜਨੈਸ ਮੈਨੇਜਮੈਂਟ ਦੇ ਪ੍ਰੋਫੈਸਰ ਡਾ. ਰਮਨਦੀਪ ਸਿੰਘ ਨੇ ਖੇਤੀ ਉਦਯੋਗ ਅਤੇ ਪੇਂਡੂ ਖੇਤੀ ਰੁਜ਼ਗਾਰ ਸੰਬੰਧੀ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ। ਯੂਨੀਵਰਸਿਟੀ ਆਫ਼ ਲਿੰਕਨ ਦੇ ਡਾ. ਵੇਨ ਮਾਰਟਿੰਡੇਲ ਨੇ ਭੋਜਨ ਸਪਲਾਈ ਲੜੀ ਦੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ ਬਾਰੇ ਵਿਸਥਾਰ ਵਿੱਚ ਗੱਲ ਕਰਦਿਆਂ ਭਾਰਤ, ਕੀਨੀਆ ਅਤੇ ਬਰਤਾਨੀਆ ਦੇ ਹਵਾਲੇ ਦਿੱਤੇ।


ਆਖਰੀ ਸੈਸ਼ਨ ਦੌਰਾਨ ਮੁਨਾਸ਼ ਬਿਜਨੈਸ ਸਕੂਲ ਦੇ ਮੁਖੀ ਪ੍ਰੋ. ਅਮਰੀਕ ਸੋਹਲ ਨੇ ਫੂਡ ਸਕੈਨ ਦੀ ਉਸਾਰੀ ਨੂੰ ਇੱਕ ਸੁਤੰਤਰ ਇਕਾਈ ਵਜੋਂ ਵਿਦਿਅਕ ਸੰਸਥਾਵਾਂ, ਕਿਸਾਨਾਂ ਅਤੇ ਸਰਕਾਰੀ ਸੰਗਠਨਾਂ ਵਿਚਕਾਰ ਸਾਂਝ ਸਥਾਪਤੀ ਲਈ ਜ਼ਰੂਰੀ ਕਿਹਾ।
ਇਸ ਮੌਕੇ ਫੂਡ ਸਕੈਨ ਦੇ ਢਾਂਚੇ ਲਈ ਪੰਜ ਮੈਂਬਰੀ ਕਮੇਟੀ ਨੂੰ ਨਾਮਜ਼ਦ ਕੀਤਾ ਗਿਆ ਜਿਸ ਵਿੱਚ ਪੀ.ਏ.ਯੂ. ਲੁਧਿਆਣਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬ ਯੂਨੀਵਰਸਿਟੀ ਚੰਡੀਗੜ•, ਮੁਨਾਸ਼ ਯੂਨੀਵਰਸਿਟੀ ਆਸਟ੍ਰੇਲੀਆ, ਯੂਨੀਵਰਸਿਟੀ ਆਫ਼ ਲਿੰਕਨ ਬਰਤਾਨੀਆ ਨੂੰ ਸ਼ਾਮਲ ਕਰਨ ਦੀ ਗੱਲ ਹੋਈ।
ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇ ਮੁਖੀ ਅਤੇ ਇਸ ਵਰਕਸ਼ਾਪ ਦੇ ਪ੍ਰਬੰਧਕੀ ਸਕੱਤਰ ਡਾ. ਮਹੇਸ਼ ਕੁਮਾਰ ਨੇ ਇਸ ਸੈਸ਼ਨ ਦੀ ਕਾਰਵਾਈ ਚਲਾਈ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਆਉਂਦੇ ਕਿਸਾਨ ਮੇਲੇ ਵਿੱਚ ਫੂਡ ਸਕੈਨ ਵੱਲੋਂ ਇੱਕ ਸਟਾਲ ਲਗਾਈ ਜਾਵੇਗੀ । ਡਾ. ਮਹੇਸ਼ ਕੁਮਾਰ ਨੇ ਵਰਕਸ਼ਾਪ ਦੀ ਸਮੁੱਚੀ ਕਾਰਵਾਈ ਰਿਪੋਰਟ ਪੜ੍ਹੀ ਅਤੇ ਤਕਨੀਕੀ ਸੈਸ਼ਨਾਂ ਦਾ ਬਿਓਰਾ ਪੇਸ਼ ਕੀਤਾ।
ਇਥੇ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ, ਬਰਤਾਨੀਆ ਅਤੇ ਭਾਰਤ ਤੋਂ ਭੋਜਨ ਸਪਲਾਇਰ, ਪ੍ਰੋਸੈਸਰ, ਪੈਕਿੰਗ ਮਾਹਿਰ, ਅਕਾਦਮਿਕ ਮਾਹਿਰ ਅਤੇ ਭੋਜਨ ਸਪਲਾਈ ਖੇਤਰ ਦੇ ਵਿਗਿਆਨੀਆਂ ਨੇ ਇਸ ਵਰਕਸ਼ਾਪ ਵਿੱਚ ਭਾਰੀ ਗਿਣਤੀ ਵਿੱਚ ਹਿੱਸਾ ਲਿਆ।

Share this Article
Leave a comment