ਗੁਰੂਗ੍ਰਾਮ (ਹਰਿਆਣਾ) : ਦੁਨੀਆਂ ਵਿੱਚ ਅੱਜ ਬਹੁਤ ਸਾਰੀਆਂ ਬਿਮਾਰੀਆਂ ਫੈਲ ਰਹੀਆਂ ਹਨ ਇਸ ਨੂੰ ਲੈ ਕੇ ਹਰ ਦਿਨ ਇਲਾਜ਼ ਦੌਰਾਨ ਵੀ ਕਈ ਅਨੋਖੇ ਕਿੱਸੇ ਸਾਹਮਣੇ ਆਉਂਦੇ ਹਨ। ਤਾਜ਼ਾ ਮਾਮਲਾ ਹਰਿਆਣਾ ਦੇ ਗੁਰੂਗ੍ਰਾਮ (ਗੁੜਗਾਓਂ) ਸ਼ਹਿਰ ਦੇ ਆਰਟਮਿਸ ਹਸਪਤਾਲ ਦਾ ਹੈ। ਜਿੱਥੇ ਦੁਨੀਆ ਦਾ ਪਹਿਲਾਂ ਅਜਿਹਾ ਅਨੌਖਾ ਲਿਵਰ (ਜਿਗਰ) ਟਰਾਂਸਪਲਾਂਟ ਕੀਤਾ ਗਿਆ ਹੈ ਜਿਸ ‘ਚ ਗਾਂ ਦੀਆਂ ਨਾੜੀਆਂ ਦੀ ਵਰਤੋਂ ਕੀਤੀ ਗਈ ਹੈ।
ਸਾਊਦੀ ਅਰਬ ਦੀ ਰਹਿਣ ਵਾਲੀ ਇੱਕ ਸਾਲ ਦੀ ਬੱਚੀ ਦਾ ਇਹ ਅਨੋਖਾ ਲਿਵਰ ਟਰਾਂਸਪਲਾਂਟ ਕੀਤਾ ਗਿਆ ਹੈ। ਬੱਚੀ ਦਾ ਨਾਂ ਹੂਰ ਦੱਸਿਆ ਜਾ ਰਿਹਾ ਹੈ। 14 ਘੰਟੇ ਦੀ ਸਰਜਰੀ ਤੋਂ ਬਾਅਦ ਬੱਚੀ ਬਿਲਕੁਲ ਤੰਦਰੁਸਤ ਹੈ ਤੇ ਉਸ ਨੂੰ ਹਸਪਤਾਨ ਤੋਂ ਛੁੱਟੀ ਵੀ ਦੇ ਦਿੱਤੀ ਗਈ ਹੈ।
ਜਿਸ ਬੱਚੀ ਦਾ ਲਿਵਰ ਟਰਾਂਸਪਲਾਂਟ ਕੀਤਾ ਗਿਆ ਉਹ ਬਿਲੀਰੀ ਐਟਰੇਸੀਆ ਨਾਮੀ ਦੁਰਲੱਭ ਬਿਮਾਰੀ ਨਾਲ ਪੀੜਤ ਸੀ। ਬੱਚੀ ਨੂੰ ਉਸ ਦੀ ਮਾਂ ਵੱਲੋਂ ਹੀ ਲਿਵਰ ਦਾ ਹਿੱਸਾ ਦਿੱਤਾ ਗਿਆ ਸੀ।
ਦਰਅਸਲ ਇਸ ਬੱਚੀ ਦੀ ਪਿਤਰੀ ਨਾੜੀਆਂ ਦੇ ਵਿਕਸ਼ਿਤ ਨਾ ਹੋਣ ਕਾਰਨ ਉਸ ਲਿਵਰ ‘ਚ ਸਮੱਸਿਆ ਆ ਗਈ ਸੀ। ਸਾਊਦੀ ਅਰਬ ਦੇ ਡਾਕਟਰਾਂ ਨੇ ਬੱਚੀ ਦੇ ਪਰਿਵਾਰਿਕ ਮੈਂਬਰਾਂ ਨੂੰ ਬੱਚੀ ਦਾ ਇਲਾਜ ਭਾਰਤ ‘ਚ ਕਰਵਾਉਣ ਦੀ ਸਲਾਹ ਦਿੱਤੀ ਸੀ।
ਜਿਸ ਤੋਂ ਬਾਅਦ ਬੱਚੀ ਨੂੰ ਗੁਰੂਗ੍ਰਾਮ (ਗੁੜਗਾਓਂ) ਦੇ ਆਰਟਮਿਸ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ। ਜਿੱਥੇ ਬੱਚੀ ਦਾ ਸਫਲ ਲਿਵਰ ਟਰਾਂਸਪਲਾਂਟ ਕੀਤਾ ਗਿਆ। ਬੱਚੀ ਦੇ ਨਵੇਂ ਲਿਵਰ ਤੱਕ ਖੂਨ ਪਹੁੰਚਾਉਣ ਲਈ ਉਸ ਦੇ ਸਰੀਰ ‘ਚ ਗਾਂ ਦੀਆਂ ਨਾੜੀਆਂ ਦਾ ਇਸਤਮਾਲ ਕੀਤਾ ਗਿਆ।