ਭਾਰਤ ‘ਚ ਪਿੱਛਲੇ 24 ਘੰਟਿਆਂ ਦੌਰਾਨ 77,266 ਨਵੇਂ ਮਾਮਲੇ, 1057 ਲੋਕਾਂ ਨੇ ਤੋੜਿਆ ਦਮ

TeamGlobalPunjab
2 Min Read

ਨਵੀਂ ਦਿੱਲੀ : ਭਾਰਤ ਵਿੱਚ ਕੋਰੋਨਾ ਵਾਇਰਸ ਦੀ ਰਫਤਾਰ ਰੁਕਣ ਦਾ ਨਾਮ ਨਹੀਂ ਲੈ ਰਹੀ। ਦੇਸ਼ ‘ਚ ਪਿੱਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 77,266 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੇਸ਼ ‘ਚ ਇਹ ਪਹਿਲੀ ਵਾਰ ਹੈ ਜਦੋਂ ਇੱਕ ਦਿਨ ‘ਚ ਇੰਨੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਮਾਮਲਿਆਂ ਨਾਲ ਦੇਸ਼ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 33 ਲੱਖ 87 ਹਜ਼ਾਰ ਹੋ ਗਈ ਹੈ। ਇਸ ਦੇ ਨਾਲ ਹੀ ਇੱਕ ਦਿਨ ‘ਚ 1057 ਲੋਕਾਂ ਨੇ ਕੋਰੋਨਾ ਨਾਲ ਦਮ ਤੋੜ ਦਿੱਤਾ। ਜਿਸ ਨਾਲ ਦੇਸ਼ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 61,529 ਹੋ ਗਈ ਹੈ।

ਦੇਸ਼ ‘ਚ ਹੁਣ ਤੱਕ ਕੋੋਰੋਨਾ ਤੋਂ 25 ਲੱਖ 83 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਜਦ ਕਿ 7,42,023 ਮਾਮਲੇ ਅਜੇ ਵੀ ਐਕਟਿਵ ਹਨ। ਸਿਹਤਮੰਦ ਲੋਕਾਂ ਦੀ ਗਿਣਤੀ ਸੰਕਰਮਣ ਲਾਗ ਦੇ ਸਰਗਰਮ ਮਾਮਲਿਆਂ ਨਾਲੋਂ ਲੱਗਭਗ ਤਿੰਨ ਗੁਣਾ ਜ਼ਿਆਦਾ ਹੈ। ਮੌਤ ਦਰ ਅਤੇ ਐਕਟਿਵ ਕੇਸ ਰੇਟ ਵਿੱਚ ਨਿਰੰਤਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਤ ਦਰ ਘੱਟ ਕੇ 1.82 ਫ਼ੀਸਦੀ ਹੋ ਗਈ ਹੈ। ਇਸ ਤੋਂ ਇਲਾਵਾ ਇਲਾਜ ਅਧੀਨ ਚੱਲ ਰਹੇ ਸਰਗਰਮ ਮਾਮਲਿਆਂ ਦੀ ਦਰ ਵੀ ਘੱਟ ਕੇ 21.93 ਫ਼ੀਸਦੀ ਰਹਿ ਗਈ ਹੈ। ਇਸਦੇ ਨਾਲ ਰਿਕਵਰੀ ਰੇਟ 76.4% ਹੋ ਗਿਆ ਹੈ।

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ 27 ਅਗਸਤ ਤੱਕ ਦੇਸ਼ ਭਰ ਵਿੱਚ ਕੁੱਲ 3,94,77,848 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ 9,01,338 ਨਮੂਨਿਆਂ ਦਾ ਵੀਰਵਾਰ ਨੂੰ ਇੱਕ ਹੀ ਦਿਨ ਟੈਸਟ ਕੀਤਾ ਗਿਆ ਸੀ।

Share this Article
Leave a comment