ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਦੇ ਮੈਬਰਾਂ ਨੇ ਸ਼ੁੱਕਰਵਾਰ ਨੂੰ ਆਪਣਾ ਮੇਅਰ ਚੁਣ ਲਿਆ ਹੈ। ਭਾਰਤੀ ਜਨਤਾ ਪਾਰਟੀ ਵਲੋਂ ਮੈਦਾਨ ‘ਚ ਉਤਰਣ ਵਾਲੇ ਸਤੀਸ਼ ਕਾਲੀਆ ਦਾ ਮੁਕਾਬਲਾ ਪਾਰਟੀ ਤੋਂ ਬਾਗੀ ਹੋਏ ਸਤੀਸ਼ ਕੈਂਥ ਨਾਲ ਸੀ, ਜਿਸਦੇ ਚਲਦੇ ਇਹ ਟੱਕਰ ਕਾਫ਼ੀ ਰੋਚਕ ਰਹੀ। ਹਾਲਾਂਕਿ ਸਤੀਸ਼ ਇਤਿਹਾਸ ਦੁਹਰਾਉਣ ‘ਚ ਕਾਮਯਾਬ ਨਹੀਂ ਹੋ ਸਕੇ। 20 ਸਾਲ ਪਹਿਲਾਂ ਭਾਜਪਾ ਦੇ ਬਾਗੀ ਕੇਵਲ ਕ੍ਰਿਸ਼ਣ ਆਦਿਵਾਲ ਨੇ ਪਾਰਟੀ ਕੈਂਡਿਡੇਟ ਰਾਜਿੰਦਰ ਨੂੰ ਹਰਾ ਦਿੱਤਾ ਸੀ। ਕਾਲੀਆ ਨੂੰ 27 ਵਿੱਚੋਂ 16 ਵੋਟਾਂ ਹਾਸਲ ਹੋਈਆਂ ਜਦਕਿ ਕੈਂਥ ਨੂੰ 11 ਕੌਂਸਲਰਾਂ ਨੇ ਚੁਣਿਆ।
ਉੱਧਰ, ਕਾਂਗਰਸ ਦੀ ਕੌਂਸਲਰ ਸ਼ੀਲਾ ਦੇਵੀ ਨੇ ਚੋਣਾਂ ਤੋਂ ਪਹਿਲਾਂ ਮੇਅਰ ਦੇ ਅਹੁਦੇ ਤੋਂ ਆਪਣਾ ਨਾਂ ਵਾਪਸ ਲੈ ਲਿਆ। ਮੇਅਰ ਦੀ ਚੋਣ ਵਿੱਚ ਸੰਸਦ ਮੈਂਬਰ ਕਿਰਨ ਖੇਰ ਨੇ ਵੀ ਸਦਨ ਦੀ ਪੁਰਾਣੀ ਮੈਂਬਰ ਹੋਣ ਦੇ ਨਾਤੇ ਵੋਟ ਪਾਈ।
ਹਾਲਾਂਕਿ, ਬੀਜੇਪੀ ਦੇ ਬਾਗ਼ੀ ਕੌਂਸਲਰ ਕੈਂਥ ਨੂੰ ਵੀ ਮੇਅਰ ਚੋਣ ਵਿੱਚੋਂ ਆਪਣਾ ਨਾਂਅ ਵਾਪਸ ਲੈਣ ਲਈ ਕਿਹਾ ਗਿਆ ਸੀ, ਪਰ ਉਹ ਨਾ ਹਟੇ। ਚੰਡੀਗੜ੍ਹ ਨਗਰ ਨਿਗਮ ਨੂੰ ਚਲਾਉਣ ਲਈ ਕੁੱਲ 26 ਕੌਂਸਲਰ ਚੁਣੇ ਜਾਂਦੇ ਹਨ, ਜਿਨ੍ਹਾਂ ਵਿੱਚੋਂ 20 ਦੇ ਬਹੁਮਤ ਨਾਲ ਬੀਜੇਪੀ ਅੱਗੇ ਹੈ। ਚੰਡੀਗੜ੍ਹ ਵਿੱਚ ਕਾਂਗਰਸ ਦੇ ਚਾਰ ਕੌਂਸਲਰ ਹਨ ਤੇ ਇੱਕ ਆਜ਼ਾਦ ਹੈ ਅਤੇ ਇੱਕ ਕੌਂਸਲਰ ਅਕਾਲੀ ਦਲ ਦਾ ਹੈ।