ਨਵੀਂ ਦਿੱਲੀ: ਕ੍ਰਿਕੇਟ ਦਾ ਮੈਦਾਨ ਛੱਡ ਕੇ ਭਾਰਤੀ ਜਨਤਾ ਪਾਰਟੀ ਦੀ ਟਿਕਟ ‘ਤੇ ਚੁੌਣ ਮੈਦਾਨ ‘ਚ ਉੱਤਰਨ ਵਾਲੇ ਗੌਤਮ ਗੰਭੀਰ ਖਿਲਾਫ ਹਰ ਦਿਨ ਨਵੀਂ ਸ਼ਿਕਾਇਤਾਂ ਆ ਰਹੀਆਂ ਹਨ। ਨਾਮਜ਼ਦਗੀ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੇ ਖਿਲਾਫ ਕਈ ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹਨ। ਹੁਣ ਗੰਭੀਰ ਦੇ ਖਿਲਾਫ ਇੱਕ ਮਾਮਲੇ ਵਿੱਚ ਐਫਆਈਆਰ ਵੀ ਦਰਜ ਹੋ ਗਈ ਹੈ। ਦਿੱਲੀ ਵਿਚ ਬਿਨਾਂ ਇਜਾਜ਼ਤ ਰੈਲੀ ਕਰਨ ਦੇ ਮਾਮਲੇ ਵਿਚ ਚੋਣ ਕਮਿਸ਼ਨ ਨੇ ਕਾਰਵਾਈ ਕੀਤੀ ਹੈ।
ਚੋਣ ਕਮਿਸ਼ਨ ਦੇ ਆਦੇਸ਼ ਤੋਂ ਬਾਅਦ ਦਿੱਲੀ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਚੋਣ ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਕਿਹਾ ਸੀ ਕਿ ਉਹ ਬਿਨਾਂ ਇਜਾਜ਼ਤ ਰੈਲੀ ਕਰਨ ਦੇ ਮਾਮਲੇ ਵਿਚ ਗੌਤਮ ਗੰਭੀਰ ‘ਤੇ ਐਫਆਈਆਰ ਦਰਜ ਕਰਨ। ਦਰਅਸਲ 25 ਅਪ੍ਰੈਲ ਨੂੰ ਦਿੱਲੀ ਦੇ ਜੰਗਪੁਰਾ ਵਿਚ ਗੌਤਮ ਗੰਭੀਰ ਨੇ ਇਕ ਰੈਲੀ ਕੀਤੀ ਸੀ, ਜਿਸ ਦੀ ਇਜਾਜ਼ਤ ਪ੍ਰਸ਼ਾਸਨ ਨੇ ਨਹੀਂ ਦਿੱਤੀ ਸੀ। ਕ੍ਰਿਕੇਟਰ ਤੋਂ ਸਿਆਸਤਦਾਨ ਬਣੇ ਗੌਤਮ ਗੰਭੀਰ ‘ਤੇ ਕਾਰਵਾਈ ਕਰਦੇ ਹੋਏ ਚੋਣ ਕਮਿਸ਼ਨ ਨੇ ਕਿਹਾ ਸੀ ਕਿ ਗੌਤਮ ਗੰਭੀਰ ਨੂੰ ਬਿਨਾਂ ਇਜਾਜ਼ਤ ਰੈਲੀ ਅਯੋਜਿਤ ਕਰਨ ਲਈ ਕਾਰਵਾਈ ਦਾ ਸਾਹਮਣਾ ਕਰਨਾ ਹੋਵੇਗਾ।
ਚੋਣ ਕਮਿਸ਼ਨ ਨੇ ਕਿਹਾ ਕਿ 25 ਅਪ੍ਰੈਲ ਨੂੰ ਰੈਲੀ ਦੀ ਇਜਾਜ਼ਤ ਨਾ ਲੈ ਕੇ ਗੌਤਮ ਗੰਭੀਰ ਨੇ ਚੋਣ ਜ਼ਾਬਤੇ ਦਾ ਉਲੰਘਣ ਕੀਤਾ ਹੈ। ਇਹੀ ਕਾਰਨ ਹੈ ਕਿ ਚੋਣ ਕਮਿਸ਼ਨ ਦੇ ਆਦੇਸ਼ ‘ਤੇ ਦਿੱਲੀ ਪੁਲਿਸ ਨੇ ਕਾਰਵਾਈ ਕੀਤੀ ਹੈ। ਜ਼ਿਕਰਯੋਗ ਹੈ ਕਿ ਗੌਤਮ ਗੰਭੀਰ ਕਾਫੀ ਸਮੇਂ ਤੋਂ ਭਾਜਪਾ ਸਰਕਾਰ ਦਾ ਸਮਰਥਨ ਕਰ ਰਹੇ ਹਨ। ਪਿਛਲੇ ਮਹੀਨੇ ਹੀ ਉਹਨਾਂ ਨੇ ਕੇਂਦਰੀ ਮੰਤਰੀ ਅਰੁਣ ਜੇਟਲੀ ਦੀ ਮੌਜੂਦਗੀ ਵਿਚ ਭਾਜਪਾ ਦਾ ਪੱਲਾ ਫੜਿਆ ਸੀ।