ਬੱਚਿਆਂ ਦਾ ਪੜ੍ਹਾਈ ਵਿੱਚ ਨਹੀਂ ਸੀ ਲਗਦਾ ਮਨ ਫਿਰ ਮਹਿਲਾ ਅਧਿਆਪਕ ਨੇ ਦੇਖੋ ਕੀ ਕੀਤਾ

TeamGlobalPunjab
3 Min Read

ਵਰਜੀਨੀਆ : ਅਮਰੀਕਾ ਦੇ ਉੱਤਰੀ ਵਰਜੀਨੀਆ ਦੇ ਟੀਸੀ ਵਿਲੀਅਮ ਹਾਈ ਸਕੂਲ ਇੰਟਰਨੈਸ਼ਨਲ ਅਕੈਡਮੀ ਦੀ ਇੱਕ ਮਹਿਲਾ ਅਧਿਆਪਕ ਕੋਰਿਨਾ ਰੀਮਰ ਨੇ ਬੱਚਿਆਂ ‘ਚ ਪੜ੍ਹਨ ਦੀ ਰੁੱਚੀ ਪੈਦਾ ਕਰਨ ਲਈ ਇੱਕ ਅਨੋਖਾ ਉਪਰਾਲਾ ਕੀਤਾ ਹੈ।

45 ਸਾਲਾ ਕੋਰੀਨਾ ਰੀਮਰ ਅੰਗ੍ਰੇਜ਼ੀ ਦੀ ਅਧਿਆਪਕ ਹੈ। ਰੀਮਰ ਨੇ ਸ਼ੁਰੂ ਤੋਂ ਹੀ ਬੱਚਿਆਂ ‘ਚ ਪੜ੍ਹਾਈ ਦੀ ਰੁੱਚੀ ਪੈਦਾ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਸਨ। ਰੀਮਰ ਨੇ ਖੁਦ ਫੰਡ ਇਕੱਠਾ ਕਰਕੇ ਬੱਚਿਆਂ ਦੇ ਲਈ 1000 ਕਿਤਾਬਾਂ ਦੀ ਇੱਕ ਲਾਇਬ੍ਰੇਰੀ ਤਿਆਰ ਕੀਤੀ ਹੈ।
ਰੀਮਰ ਦਾ ਮੰਨਣਾ ਸੀ ਕਿ ਅਮਰੀਕਾ ‘ਚ ਬੱਚੇ ਪੜ੍ਹਾਈ ਨੂੰ ਲੈ ਕੇ ਬਹੁਤ ਆਲਸੀ ਹਨ ਤੇ ਪੜ੍ਹਾਈ ‘ਚ ਘੱਟ ਦਿਲਚਸਪੀ ਰੱਖਦੇ ਸਨ। ਇਸ ਲਈ ਰੀਮਰ ਨੇ ਬੱਚਿਆਂ ‘ਚ ਪੜ੍ਹਾਈ ਦੀ ਆਦਤ ਵਿਕਸਿਤ ਕਰਨ ਲਈ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਪੱਤਰ ਲਿਖਣੇ ਸ਼ੁਰੂ ਕੀਤੇ। ਇਨ੍ਹਾਂ ਪੱਤਰਾਂ ਰਾਹੀਂ ਰੀਮਰ ਉਨ੍ਹਾਂ ਬੱਚਿਆਂ ਤੋਂ ਉਨ੍ਹਾਂ ਦੀ ਕਿਸੇ ਵੀ ਕੰਮ ‘ਚ ਰੁਚੀ ਬਾਰੇ ਪੁੱਛਦੀ ਸੀ ਤੇ ਸਾਰੇ ਬੱਚਿਆਂ ਨੂੰ ਇਨ੍ਹਾਂ ਪੱਤਰਾਂ ਦਾ ਜਵਾਬ ਦੇਣ ਲਈ ਜ਼ਰੂਰ ਕਹਿੰਦੀ ਸੀ।
ਇਸ ਪ੍ਰਕਿਰਿਆ ਦੇ ਤਹਿਤ ਰੀਮਰ ਨੇ ਹਰ ਇੱਕ ਬੱਚੇ ਨੂੰ ਪੰਜ-ਪੰਜ ਕਿਤਾਬਾਂ ਦਿੱਤੀਆਂ ਤੇ ਉਨ੍ਹਾਂ ਨੂੰ ਆਪਣੇ ਮਨਪਸੰਦ ਕੰਮ ਦੇ ਨਾਲ-ਨਾਲ ਇਨ੍ਹਾਂ ਕਿਤਾਬਾਂ ਨੂੰ ਪੜ੍ਹਨ ਲਈ ਪ੍ਰੇਰਿਆ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਹੌਲੀ-ਹੌਲੀ ਬੱਚਿਆਂ ‘ਚ ਪੜ੍ਹਨ ਪ੍ਰਤੀ ਰੁਚੀ ਪੈਦਾ ਹੋਣ ਲੱਗੀ। ਬੱਚਿਆਂ ਨੂੰ ਕਿਤਾਬਾਂ ਦੇਣ ਲੱਗਿਆ ਰੀਮਰ ਨੇ ਬੱਚਿਆਂ ਦੀ ਰੁਚੀ ਦਾ ਵਿਸ਼ੇਸ਼ ਧਿਆਨ ਰੱਖਿਆ ਤਾਂ ਜੋ ਬੱਚਿਆਂ ਦੀ ਰੁੱਚੀ ਦੇ ਹਿਸਾਬ ਨਾਲ ਹੀ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਲਈ ਦਿੱਤੀਆਂ ਜਾਣ। ਇਸ ਪ੍ਰਕਿਰਿਆ ਤਹਿਤ ਹੌਲੀ-ਹੌਲੀ ਰੀਮਰ ਨੇ 1000 ਕਿਤਾਬਾਂ ਇਕੱਤਰ ਕੀਤੀਆਂ ਤੇ ਇਸ ਨੂੰ ਇੱਕ ਲਾਇਬ੍ਰੇਰੀ ਦਾ ਰੂਪ ਦੇ ਦਿੱਤਾ।
ਕੋਰਿਨਾ ਰੀਮਰ ਦੀਆਂ ਇਨ੍ਹਾਂ ਕੋਸ਼ਿਸ਼ਾਂ ਸਦਕਾ ਪਿਛਲੇ ਚਾਰ ਸਾਲਾਂ ‘ਚ ਇਸ ਸਕੂਲ ਦੇ ਬੱਚਿਆਂ ‘ਚ ਪੜ੍ਹਨ ਪ੍ਰਤੀ ਰੁਚੀ ਵਧੀ ਹੈ ਤੇ ਨਾਲ ਹੀ ਉਨ੍ਹਾਂ ਦਾ ਉਚਾਰਨ ਵੀ ਸਹੀ ਹੋਇਆ ਹੈ। ਦੱਸ ਦਈਏ ਕਿ ਰੀਮਰ ਦੇ ਸਕੂਲ ‘ਚ ਹੋਰ ਦੇਸ਼ਾਂ ਦੇ ਬੱਚੇ ਵੀ ਪੜ੍ਹਦੇ ਹਨ ਜਿਨ੍ਹਾਂ ਨੂੰ ਅੰਗ੍ਰੇਜ਼ੀ ਦਾ ਸੀਮਿਤ ਗਿਆਨ ਹੈ। ਰੀਮਰ ਦੀ ਇਸ ਕੋਸ਼ਿਸ਼ ਨਾਲ ਇਹ ਬੱਚੇ ਦੂਜੇ ਬੱਚਿਆਂ ਤੋਂ ਵੀ ਪੜ੍ਹਨ ‘ਚ ਅੱਗੇ ਰਹੇ ਹਨ।
ਨੈਸ਼ਨਲ ਸੈਂਟਰ ਫਾਰ ਐਜੂਕੇਸ਼ਨ ਸਟੈਟਿਸਟਿਕਸ ਦਾ ਮੰਨਣਾ ਹੈ ਕਿ ਚੌਥੀ ਤੋਂ ਅੱਠਵੀਂ ਤੱਕ ਦੇ ਦੋ ਤਿਹਾਈ ਬੱਚੇ ਪੜ੍ਹਨ ਦੇ ਮੁੱਢਲੇ ਪੱਧਰ ਤੱਕ ਵੀ ਨਹੀਂ ਪਹੁੰਚ ਪਾਉਂਦੇ। ਜੋ ਕਿ ਪਿਛਲੇ ਇੱਕ ਦਹਾਕੇ ਦਾ ਸਭ ਤੋਂ ਨੀਵਾਂ ਪੱਧਰ ਹੈ। ਨੈਸ਼ਨਲ ਐਸੋਸੀਏਸ਼ਨ ਆਫ ਸੈਕੰਡਰੀ ਸਕੂਲ ਬੌਬ ਫਰਾਸ ਨੇ ਕੋਰਿਨਾ ਰੀਮਰ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਹੈ ਤੇ ਕਿਹਾ ਕਿ ਉਨ੍ਹਾਂ ਦੇ ਇਸ ਕੰਮ ਨੇ ਇੱਕ ਨਵਾਂ ਰਸਤਾ ਦਿਖਾਇਆ ਹੈ। ਜਿਸ ਨਾਲ ਅਸੀਂ ਬੱਚਿਆਂ ‘ਚ ਪੜ੍ਹਾਈ ਪ੍ਰਤੀ ਰੁਚੀ ਪੈਦਾ ਕਰਨ ‘ਚ ਮਦਦ ਕਰ ਸਕਾਂਗੇ।

Share this Article
Leave a comment