ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪ ਵੱਲੋਂ ਪੰਜਾਬ ਵਿਚ ਭਗਵੰਤ ਮਾਨ ਨੁੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣ ਲਈ ਟੈਲੀਫੋਨ ਰਾਹੀਂ ਕੀਤੀ ਡਰਾਮੇਬਾਜ਼ੀ ਨੂੰ ਫਰਾਡ ਤੇ ਢਕਵੰਜ ਕਰਾਰ ਦਿੰਦਿਆਂ ਰੱਦ ਕਰ ਦਿੱਤਾ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਸਿੰਘ ਬੈਂਸ ਨੇ ਇਕ ਟਵੀਟ ਵਿਚ ਕਿਹਾ ਕਿ ਆਪ ਨੇ ਟੈਲੀਫੋਨ ਰਾਹੀਂ ਆਪਣਾ ਪਹਿਲਾ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਚੁਣਿਆ ਹੈ, ਹੁਣ ਪੰਜਾਬ ਆਪਣਾ ਅਸਲ ਮੁੱਖ ਮੰਤਰੀ ਚੁਣੇਗਾ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਚਲਾਕ ਲੋਮੜੀ ਵਾਂਗ ਹਮੇਸ਼ਾ ਦਿੱਲੀ ਤੋਂ ਪੰਜਾਬੀਆਂ ਨੁੰ ਰਿਮੋਰਟ ਕੰਟਰੋਲ ਰਾਹੀਂ ਚਲਾਉਣ ਦਾ ਯਤਨ ਕੀਤਾ ਹੈ। ਭਾਵੇਂ ਉਸਦਾ ਇਹ ਆਈਡੀਆ ਬਹੁਤ ਉਤੱਮ ਹੋਵੇ ਪਰ ਅਸਲਤ ਵਿਚ ਇਹ ਆਪ ਦੀ ਅੰਦਰੂਨੀ ਸਰਕਸ ਚਲਾਉਣ ਵਾਸਤੇ ਢੁਕਵਾਂ ਹੈ।
ਬੈਂਸ ਨੇ ਕਿਹਾ ਕਿ ਅਖੀਰ ਵਿਚ ਆਪ ਦੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਉਹਨਾਂ ਕਿਹਾ ਕਿ ਹਰ ਕੋਈ ਆਪ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਦੀ ਸ਼ਰਾਬ ਲਈ ਕਮਜ਼ੋਰੀ ਚੰਗੀ ਤਰ੍ਹਾਂ ਜਾਣਦਾ ਹੈ। ਉਹਨਾਂ ਕਿਹਾ ਕਿ ਆਪ ਕੋਲ ਵਰੁਚਅਲ ਤਰੀਕਾ ਅਪਣਾਉਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ ਕਿਉਂਕਿ ਅੰਦਰੂਨੀ ਮਾਮਲਿਆਂ ਵਿਚ ਵੀ ਬਹੁਤੇ ਆਗੂ ਉਸਦੀ ਸ਼ਰਾਬ ਦੀ ਬਦਬੂ ਬਰਦਾਸ਼ਤ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਹੁਣ ਸਮਾਂ ਹੈ ਕਿ ਪੰਜਾਬ ਦੇ ਮਸਲੇ ਹੱਲ ਕਰਨ ਵਾਸਤੇ ਸੰਜੀਦਗੀ ਨਾਲ ਕੰਮ ਕੀਤਾ ਜਾਵੇ। ਉਹਨਾਂ ਕਿਹਾ ਕਿ ਇਹ ਸਮਾਂ ਹੈ ਜਦੋਂ ਤੁਹਾਨੂੰ ਸੰਜੀਦਾ ਤੇ ਗੰਭੀਰ ਤੇ ਜ਼ਿੰਮੇਵਾਰ ਲੀਡਰਸ਼ਿਪ ਦੀ ਲੋੜ ਹੈ ਨਾ ਕਿ ਹਾਸਰਸ ਕਲਾਕਾਰਾਂ ਦੀ।
ਬੈਂਸ ਨੇ ਕਿਹਾ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪ ਮੰਨਿਆ ਹੈ ਕਿ ਪੰਜਾਬ ਦੇ 2.41 ਕਰੋੜ ਫੋਨ ਵਰਤਣ ਵਾਲਿਆਂ ਵਿਚੋਂ 2.23 ਕਰੋੜ ਲੋਕਾਂ ਨੇ ਆਪ ਦੀ ਡਰਾਮੇਬਾਜ਼ੀ ਪ੍ਰਵਾਨ ਨਹੀਂ ਕੀਤੀ ਤੇ ਫੋਨ ਨਹੀਂ ਕੀਤੇ ਤੇ ਸਿਰਫ 21 ਲੱਖ ਲੋਕਾਂ ਨੇ ਇਸ ਸਵਾਂਗ ਲਈ ਹੁੰਗਾਰਾ ਭਰਿਆ ਅਤੇ ਉਹ ਵੀ ਜੇਕਰ ਅਸੀਂ ਸ੍ਰੀ ਕੇਜਰੀਵਾਲ ਦੇ ਦਾਅਵੇ ਨੁੰ ਸੱਚ ਮੰਨੀਏ ਤਾਂ। ਉਹਨਾਂ ਕਿਹਾ ਕਿ ਇਸ ਤੋਂ ਵੀ ਸ਼ਰਮ ਵਾਲੀ ਗੱਲ ਇਹ ਹੈ ਕਿ ਇਹ ਖੁਲ੍ਹਾਸਾ ਹੋ ਗਿਆ ਹੈ ਕਿ ਆਪ ਦੇ ਆਗੂਆਂ ਨੇ ਵੀ ਭਗਵੰਤ ਮਾਨ ਤੇ ਕੇਜਰੀਵਾਲ ਨੁੰ ਰੱਦ ਕਰ ਦਿੱਤਾ ਹੈ ਤੇ ਪਾਰਟੀ ਵਿਚ ਕਿਸੇ ਹੋਰ ਦੀ ਚੋਣ ਕੀਤੀ ਹੈ।
ਬੈਂਸ ਨੇ ਹੈਰਾਨੀ ਪ੍ਰਗਟ ਕੀਤੀ ਕਿ ਪੰਜਾਬ ਦੇ ਆਪ ਆਗੂਆਂ ਦੀ ਮਹੱਤਤਾ ਕੀ ਰਹਿ ਜਾਂਦੀ ਹੈ ਜਦੋਂ ਉਹ ਆਪਣੇ ਸਭ ਤੋਂ ਅਹਿਮ ਤੇ ਵੱਡੇ ਸਮਾਗਮ ਨੁੰ ਹਿੰਦੀ ਵਿਚ ਸੰਬੋਧਨ ਕਰਦੇ ਹੋਏ ਵੇਖਦੇ ਰਹਿ ਗਏ ਤੇ ਉਹਨਾਂ ਆਪਣੀ ਮਾਂ ਬੋਲੀ ਪੰਜਾਬੀ ਆਪਣੀ ਧਰਤੀ ’ਤੇ ਹੀ ਅਣਡਿੱਠ ਕਰ ਦਿੱਤੀ ਗਈ।