ਬੀਮਾ ਕੰਪਨੀਆਂ ਵੱਲੋਂ ਕਿਸਾਨਾਂ ਦੀ ਲੁੱਟ ‘ਚ ਕੈਪਟਨ ਸਰਕਾਰ ਹਿੱਸੇਦਾਰ: ਬੀਬੀ ਸਰਬਜੀਤ ਕੌਰ ਮਾਣੂੰਕੇ

TeamGlobalPunjab
3 Min Read

ਚੰਡੀਗੜ੍ਹ, 12 ਨਵੰਬਰ, 2020: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਭਾਈ ਘਨੱਈਆ ਸਿਹਤ ਸੇਵਾ ਸਕੀਮ ਨਾਲ ਜੁੜੇ ਕਿਸਾਨਾਂ ‘ਤੇ ਬੀਮਾ ਕੰਪਨੀ ਵੱਲੋਂ ਕਰੋੜਾਂ ਰੁਪਏ ਦੇ ਵਾਧੂ ਚਪਤ ਲਗਾਏ ਜਾਣ ਲਈ ਅਮਰਿੰਦਰ ਸਿੰਘ ਸਰਕਾਰ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਲਾਹਣਤ ਪਾਉਂਦੇ ਹੋਏ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਰਗੜ ਰਹੀਆਂ ਬੀਮਾ ਕੰਪਨੀਆਂ ਨਾਲ ਹਿੱਸੇਦਾਰ ਬਣਨ ਦੀ ਥਾਂ ਇਨ੍ਹਾਂ ਬੇਲਗ਼ਾਮ ਬੀਮਾ ਕੰਪਨੀਆਂ ਨੂੰ ਨੱਥ ਪਾਵੇ।

‘ਆਪ’ ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਸਰਕਾਰ ਦੀ ਇਸ ਤੋਂ ਵੱਡੀ ਨਾਲਾਇਕੀ ਕੀ ਹੋ ਸਕਦੀ ਹੈ ਕਿ ਪੁਰਾਣੀ ਬੀਮਾ ਕੰਪਨੀ ਦੇ ਅੱਧ ਵੱਟਿਓ ਭੱਜ ਜਾਣ ਨਾਲ ਜਿੱਥੇ ਪ੍ਰੀਮੀਅਰ ਭਰੇ ਜਾਣ ਦੇ ਬਾਵਜੂਦ ਕਿਸਾਨ 6 ਮਹੀਨਿਆਂ ਤੋਂ ਇਸ ਯੋਜਨਾ ਦਾ ਲਾਭ ਲੈਣ ਤੋਂ ਵਾਂਝੇ ਚੱਲੇ ਆ ਰਹੇ ਹਨ, ਉੱਥੇ ਸਰਕਾਰ ਵੱਲੋਂ ਨਵੀਂ ਸਹੇੜੀ ਬੀਮਾ ਕੰਪਨੀ ਨੇ ਸਿੱਧਾ 60 ਫ਼ੀਸਦੀ ਪ੍ਰੀਮੀਅਰ ਵਧਾ ਦਿੱਤਾ ਹੈ। ਜਿਸ  ਨਾਲ ਕਰੀਬ ਡੇਢ ਲੱਖ ਲਾਭਪਾਤਰੀ ਕਿਸਾਨਾਂ ‘ਤੇ 19 ਕਰੋੜ ਰੁਪਏ ਦਾ ਵਾਧੂ ਭਾਰ ਪੈ ਗਿਆ ਹੈ। ਜੋ ਪੂਰੀ ਤਰਾਂ ਬੇਲੋੜਾ ਅਤੇ ਗ਼ੈਰਵਾਜਬ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬੀਮਾ ਕੰਪਨੀ ਦੇ ਲੋਟੂ ਫ਼ਰਮਾਨਾਂ ਨੂੰ ਤੁਰੰਤ ਰੱਦ ਕਰਕੇ ਕਿਸਾਨਾਂ ਨੂੰ ਰਾਹਤ ਦੇਵੇ।

- Advertisement -

ਬੀਬੀ ਮਾਣੂੰਕੇ ਨੇ ਸਰਕਾਰ ਦੀ ਨੀਅਤ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਸ ਭ੍ਰਿਸ਼ਟ ਸਰਕਾਰ ‘ਚ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਉੱਚ ਪੱਧਰੀ ਮਿਲੀਭੁਗਤ ਨਾਲ ਹਿੱਸਾ-ਪੱਤੀ ਤੈਅ ਕਰਕੇ ਬੀਮਾ ਕੰਪਨੀ ਨੂੰ ਕਿਸਾਨਾਂ ਨੂੰ ਲੁੱਟਣ ਦੀ ਖੁੱਲ ਦੇ ਦਿੱਤੀ ਗਈ ਹੋਵੇ ਕਿਉਂਕਿ ਪ੍ਰਾਈਵੇਟ ਹਸਪਤਾਲਾਂ ਸਮੇਤ ਖੇਤੀਬਾੜੀ ਸੰਦਾਂ ‘ਤੇ ਮਿਲਦੀ ਸਬਸਿਡੀ ‘ਚ ਅਜਿਹਾ ਮਾਫ਼ੀਆ ਪਹਿਲਾਂ ਹੀ ਸਰਗਰਮ ਹੈ।

ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਪੰਜਾਬ ‘ਚ ਸਰਕਾਰੀ ਸਿਹਤ ਸੇਵਾਵਾਂ ‘ਚ ਕ੍ਰਾਂਤੀਕਾਰੀ ਸੁਧਾਰ ਦੀ ਮੰਗ ਕਰਦਿਆਂ ਕੈਪਟਨ ਸਰਕਾਰ ਨੂੰ ਨਸੀਹਤ ਦਿੱਤੀ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਨੂੰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦਾ ਸਿਹਤ ਮਾਡਲ ਅਪਣਾਉਣਾ ਚਾਹੀਦਾ ਹੈ। ਜਿੱਥੇ ਸਰਕਾਰੀ ਹਸਪਤਾਲਾਂ ‘ਚ ਹਰੇਕ ਵਰਗ ਲਈ ਬਿਹਤਰੀਨ ਸਿਹਤ ਸੇਵਾਵਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸ ਲਈ ਜੇਕਰ ਸੂਬੇ ਦੇ ਸਰਕਾਰੀ ਹਸਪਤਾਲਾਂ ‘ਚ ਵਧੀਆ ਅਤੇ ਮੁਫ਼ਤ ਸਿਹਤ ਸੇਵਾਵਾਂ ਉਪਲਬਧ ਹੋਣਗੀਆਂ ਤਾਂ ਨਿੱਜੀ ਕੰਪਨੀਆਂ ਨਾ ਕਿਸਾਨਾਂ (ਲੋਕਾਂ) ਨੂੰ ਲੁੱਟ ਸਕਣਗੀਆਂ ਅਤੇ ਨਾ ਹੀ ਸਰਕਾਰੀ ਖ਼ਜ਼ਾਨੇ ਨੂੰ ਚਪਤ ਲੱਗੇਗੀ।

Share this Article
Leave a comment