ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਇਰਫਾਨ ਖਾਨ ਦੀ ਸਿਹਤ ਅਚਾਨਕ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਦੇ ਆਈਸੀਯੂ ਵਾਰਡ ‘ਚ ਦਾਖਲ ਕਰਵਾਇਆ ਗਿਆ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਇਰਫਾਨ ਖਾਨ ਦੀ ਮਾਂ ਸਈਦਾ ਬੇਗਮ ਦਾ ਦਿਹਾਂਤ ਹੋ ਗਿਆ ਸੀ। ਲੌਕਡਾਊਨ ਕਾਰਨ ਇਰਫਾਨ ਖਾਨ ਆਪਣੀ ਮਾਂ ਦੇ ਅੰਤਿਮ ਸਸਕਾਰ ‘ਤੇ ਵੀ ਨਹੀਂ ਪਹੁੰਚ ਪਾਏ ਸਨ। ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਆਪਣੀ ਮਾਂ ਦੇ ਅੰਤਿਮ ਦਰਸ਼ਨ ਕੀਤੇ ਸਨ।
ਅਦਾਕਾਰ ਇਰਫਾਨ ਖਾਨ ਨੂੰ ਦੋ ਸਾਲ ਪਹਿਲਾਂ ਮਾਰਚ 2018 ਵਿੱਚ ਆਪਣੀ ਬਿਮਾਰੀ ਬਾਰੇ ਪਤਾ ਲੱਗਿਆ ਸੀ। ਜਿਸ ਦੀ ਜਾਣਕਾਰੀ ਖੁਦ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਦਿੱਤੀ ਸੀ। ਖਾਨ ਨੇ ਟਵੀਟ ਕਰਕੇ ਖੁਦ ਆਪਣੀ ਬਿਮਾਰੀ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਲਿਖਿਆ ਸੀ ਕਿ “ਜ਼ਿੰਦਗੀ ‘ਚ ਅਚਾਨਕ ਕੁਝ ਅਜਿਹਾ ਵਾਪਰਦਾ ਹੈ ਜੋ ਤੁਹਾਨੂੰ ਅੱਗੇ ਲੈ ਕੇ ਜਾਂਦਾ ਹੈ। ਮੇਰੀ ਜ਼ਿੰਦਗੀ ਦੇ ਅਖੀਰਲੇ ਦਿਨ ਕੁਝ ਇਸ ਤਰ੍ਹਾਂ ਹੀ ਰਹੇ ਹਨ। ਮੈਂ ਨਿਓਰੋ-ਐਂਡੋਕਰਾਇਨ ਟਿਊਮਰ ਦੀ ਬਿਮਾਰੀ ਨਾਲ ਪੀੜਤ ਹਾਂ। ਪਰ ਮੇਰੇ ਆਸ ਪਾਸ ਦੇ ਲੋਕਾਂ ਦੇ ਪਿਆਰ ਅਤੇ ਤਾਕਤ ਨੇ ਮੈਨੂੰ ਉਮੀਦ ਦਿੱਤੀ ਹੈ।”
— Irrfan (@irrfank) March 16, 2018
ਜ਼ਿਕਰਯੋਗ ਹੈ ਕਿ ਇਰਫਾਨ ਖਾਨ (54) ਦਾ ਲੰਡਨ ਵਿੱਚ ਇਲਾਜ ਚੱਲ ਰਿਹਾ ਸੀ। ਜਿਸ ਕਾਰਨ ਉਹ ਲੰਬਾ ਸਮਾਂ ਬਾਲੀਵੁੱਡ ਇੰਡਸਟਰੀ ਤੋਂ ਦੂਰ ਰਹੇ। ਇਸ ਬਿਮਾਰੀ ਤੋਂ ਤੰਦਰੁਸਤ ਹੋ ਕੇ ਉਨ੍ਹਾਂ ਨੇ ਮੁੜ ਬਾਲੀਵੁੱਡ ‘ਚ ਵਾਪਸੀ ਕੀਤੀ। ਇਰਫਾਨ ਖਾਨ ਪਿਛਲੇ ਸਾਲ ਸਤੰਬਰ, 2019 ਵਿਚ ਭਾਰਤ ਵਾਪਸ ਪਰਤੇ ਸਨ। ਹਾਲ ਹੀ ‘ਚ ਉਨ੍ਹਾਂ ਦੀ ਇੰਗਲਿਸ਼ ਮੀਡੀਅਮ ਫਿਲਮ ਰਿਲੀਜ਼ ਹੋਈ ਸੀ ਜੋ ਕਿ ਬਿਮਾਰੀ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਫਿਲਮ ਸੀ।