ਬਾਦਲ ਸਿਰੇ ਦਾ ਝੂਠਾ- ਕੈਪਟਨ ਅਮਰਿੰਦਰ ਸਿੰਘ

TeamGlobalPunjab
3 Min Read

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਉਨ੍ਹਾਂ ਦੋਸ਼ਾਂ ਨੂੰ ‘ਝੂਠ ਦਾ ਪੁਲੰਦਾ’ ਕਰਾਰ ਦਿੱਤਾ ਹੈ ਕਿ ਜਿਸ ਵਿੱਚ ਉਨ੍ਹਾਂ ‘ਤੇ ਗੁਟਕਾ ਸਾਹਿਬ ਦੀ ਸਹੁੰ ਖਾਣ ਤੋਂ ਬਾਅਦ ਸੂਬੇ ਵਿੱਚ ਨਸ਼ਿਆਂ ਨੂੰ ਖ਼ਤਮ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਾਇਆ ਸੀ।
ਇੱਕ ਸੀਨੀਅਰ ਰਾਜਸੀ ਆਗੂ ਦੇ ਕੋਰੇ ਝੂਠ ‘ਤੇ ਹੈਰਾਨੀ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਦਮਦਮਾ ਸਾਹਿਬ ਵਿਖੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਉਹ ਨਸ਼ਿਆਂ ਦੀ ਰੀੜ੍ਹ ਦੀ ਹੱਡੀ ਤੋੜ ਦੇਣਗੇ, ਜੋ ਉਨ੍ਹਾਂ ਨੇ ਸਫਲਤਾਪੂਰਵਕ ਕਰ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੇ ਤਾਜ਼ਾ ਬਿਆਨ ਬਾਰੇ ਅੱਜ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਝੂਠ ਫੈਲਾਉਣ ਬਾਦਲ ਨੂੰ ਸ਼ੋਭਾ ਨਹੀਂ ਦਿੰਦਾ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਚੋਣ ਵਾਅਦੇ ਅਨੁਸਾਰ ਉਨ੍ਹਾਂ ਦੀ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਵਿਆਪਕ ਮੁਹਿੰਮ ਨੇ ਸੂਬੇ ਵਿੱਚ ਡਰੱਗ ਮਾਫੀਆ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ ਅਤੇ ਇਹ ਮੁਹਿੰਮ ਬਗ਼ੈਰ ਰੁਕਾਵਟ ਜਾਰੀ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਇਕ ਵਿਆਪਕ ਈ.ਡੀ.ਪੀ. – ਲਾਗੂਕਰਨ, ਨਸ਼ਾ ਛੁਡਾਊ ਅਤੇ ਬਚਾਅ ਦੀ ਵਿਆਪਕ ਰਣਨੀਤੀ ਅਪਣਾਈ ਹੈ।
ਅੰਕੜਿਆਂ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਪੰਜਾਬ ਪੁਲੀਸ ਵੱਲੋਂ ਐਨਡੀਪੀਐਸ ਐਕਟ ਅਧੀਨ 34,373 ਕੇਸ ਦਰਜ ਕਰਕੇ 42,571 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 974.15 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੁੱਲ 193 ਓਟਜ਼ ਕਲੀਨਿਕ ਸਥਾਪਤ ਕੀਤੇ ਗਏ ਸਨ, ਜਿਨ੍ਹਾਂ ਵਿੱਚ ਨਸ਼ਾ ਪੀੜਤਾਂ ਨੂੰ ਨਿਯਮਤ ਤੌਰ ‘ਤੇ ਮੁਫ਼ਤ ਇਲਾਜ ਮੁਹੱਈਆ ਕਰਾਇਆ ਜਾ ਰਿਹਾ ਹੈ। ਇਸ ਸਮੇਂ ਰਾਜ ਵਿੱਚ 3.70 ਲੱਖ ਵਿਅਕਤੀ ਨਸ਼ਿਆਂ ਤੋਂ ਛੁਟਕਾਰੇ ਲਈ ਇਲਾਜ ਕਰਵਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ ਰੋਕੂ ਮੁਹਿੰਮ ਨੂੰ ਲੋਕਾਂ ਦੀ ਮੁਹਿੰਮ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ 5 ਲੱਖ ਤੋਂ ਵੱਧ ਨਸ਼ਾ ਰੋਕੂ ਅਫਸਰ (ਡੈਪੋ) ਲਗਾਏ ਗਏ ਹਨ ਅਤੇ ਸੂਬੇ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ 8 ਲੱਖ ਦੇ ਕਰੀਬ ਬੱਡੀ ਗਰੁੱਪ ਬਣਾਏ ਗਏ ਹਨ ਤਾਂ ਜੋ ਨਸ਼ਿਆਂ ਖ਼ਿਲਾਫ਼ ਸੰਦੇਸ਼ ਘਰ ਘਰ ਪਹੁੰਚਾਇਆ ਜਾ ਸਕੇ।
ਉਨ੍ਹਾਂ ਕਿਹਾ, “ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੀ ਸਰਕਾਰ ਵੱਲੋਂ ਅਜਿਹਾ ਕੋਈ ਉਪਰਾਲਾ ਨਹੀਂ ਕੀਤਾ ਗਿਆ ਸੀ ਬਲਕਿ ਉਹ ਤਾਂ ਸੂਬੇ ਵਿੱਚ ਨਸ਼ਿਆਂ ਦੀ ਹੋਂਦ ਤੋਂ ਵੀ ਇਨਕਾਰੀ ਸਨ।”
ਮੁੱਖ ਮੰਤਰੀ ਨੇ ਸਦਨ ਨੂੰ ਭਰੋਸਾ ਦਿੱਤਾ ਕਿ ਜਦੋਂ ਤੱਕ ਸੂਬੇ ਵਿੱਚੋਂ ਮੁਕੰਮਲ ਤੌਰ ‘ਤੇ ਨਸ਼ਿਆਂ ਖ਼ਤਮ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਇਹ ਯਤਨ ਜਾਰੀ ਰੱਖੇ ਜਾਣਗੇ ਅਤੇ ਦੁਹਰਾਏ ਜਾਣਗੇ

Share this Article
Leave a comment