ਟੋਰਾਂਟੋ: ਫੈਡਰਲ ਸਰਕਾਰ ਵੱਲੋਂ ਬੀਤੇ ਦਿਨੀਂ 2019 ਬੱਜਟ ਪੇਸ਼ ਕੀਤਾ ਗਿਆ ਜਿਸ ਵਿਚ 19.8 ਬਿਲੀਅਨ ਦਾ ਘਾਟਾ ਵਿਖਾਇਆ ਗਿਆ ਹੈ। ਲਿਬਰਲ ਪਾਰਟੀ ਨੇ 2015 ਵਿੱਚ ਸੱਤਾ ਵਿੱਚ ਆਉਣ ਦਾ ਖੁਆਬ ਵੇਖਣ ਵੇਲੇ ਪਤਾ ਨਹੀਂ ਇਹੋ ਜਿਹੀ ਕਿਹੜੀ ਕਿਤਾਬ ਪੜ ਲਈ ਜਿਸ ਵਿੱਚ ‘ਬੱਜਟ ਨੂੰ ਸਾਵਾਂ ਕਰਨ, ਔਖੇ ਵੇਲੇ ਲਈ ਫੰਡ ਰੀਜ਼ਰਵ ਰੱਖਣ, ਕਰਜ਼ ਦੀ ਦਰ ਘੱਟ ਕਰਨ ਆਦਿ ਵਰਗੇ ਚੈਪਟਰ ਮੂਲੋਂ ਹੀ ਗਾਇਬ ਸਨ।
ਬਿੱਲ ਮੂਰਨੋ ਹੋਰਾਂ ਨੇ ਪਿਛਲੇ ਸਾਲਾਂ ਵਾਗੂੰ ਆਪਣੇ ਰਿਕਾਰਡ ਨੂੰ ਕਾਇਮ ਰੱਖਦੇ ਹੋਏ ਇਸ ਸਾਲ ਵੀ ਕੈਨੇਡੀਅਨਾਂ ਨਾਲ ਵਾਅਦਾ ਕਰ ਲਿਆ ਹੈ ਕਿ 2024 ਵਿੱਚ ਬੱਜਟ ਵਿੱਚ ਘਾਟਾ 2024 ਵਿੱਚ ਸਿਰਫ਼ 10 ਬਿਲੀਅਨ ਰਹਿ ਜਾਵੇਗਾ ਪਰ ਉਹਨਾਂ ਇਹ ਨਹੀਂ ਦੱਸਿਆ ਕਿ ਇਹ ਤਾਂ ਹੀ ਸੰਭਵ ਹੋਵੇਗਾ ਜੇ ਕੈਨੇਡਾ ਦੀ ਅਰਥ ਵਿਵਸਥਾ 1.8% ਦੀ ਦਰ ਉੱਤੇ ਵਿਕਾਸ ਕਰਦੀ ਰਹੇ, ਇਸ ਵਿਕਾਸ ਵਿੱਚ ਸਿੱਕੇ ਦੇ ਪਸਾਰ ਨੂੰ ਸ਼ਾਮਲ ਨਾ ਕੀਤਾ ਜਾਵੇ ਅਤੇ ਸਰਕਾਰ ਆਉਣ ਵਾਲੇ ਸਾਲਾਂ ਵਿੱਚ ਇੱਕ ਵੀ ਡਾਲਰ ਫਾਲਤੂ ਖਰਚ ਨਾ ਕਰੇ। ਇਹ ਵੱਖਰੀ ਗੱਲ ਹੈ ਕਿ ਇਸ ਸਾਲ ਅਰਥ ਵਿਵਸਥਾ ਦੇ ਬਹੁਤ ਅੱਛਾ ਹੋਣ ਦੇ ਬਾਵਜੂਦ ਬਿੱਲ ਮੌਰਨੂ ਹੋਰਾਂ ਨੇ 22.8 ਬਿਲੀਅਨ ਡਾਲਰ ਦੇ ਬਰਾਬਰ ਨਵੇਂ ਖਰਚੇ ਕਰਨ ਦਾ ਤਹਈਆ ਕੀਤਾ ਹੈ।