ਓਟਾਵਾ: ਫੈਡਰਲ ਸਰਕਾਰ ਕੈਨੇਡੀਅਨਜ਼ ਨੂੰ ਇਸ ਹਾਲੀਡੇਅ ਸੀਜ਼ਨ ਵਿੱਚ ਕੌਮਾਂਤਰੀ ਟਰੈਵਲ ਤੋਂ ਸਿੱਧਾ ਸਿੱਧਾ ਵਰਜ ਨਹੀਂ ਰਹੀ ਪਰ ਨਾ ਹੀ ਖੁੱਲ੍ਹ ਕੇ ਕੈਨੇਡੀਅਨਜ਼ ਨੂੰ ਘੁੰਮਣ ਫਿਰਣ ਦੀ ਮਨਜ਼ੂਰੀ ਹੀ ਦੇ ਰਹੀ ਹੈ।
ਸਰਕਾਰ ਵੱਲੋਂ ਇਹ ਆਖਿਆ ਗਿਆ ਹੈ ਕਿ ਓਮੀਕ੍ਰੋਨ ਵੇਰੀਐਂਟ ਦੇ ਤੇਜ਼ੀ ਨਾਲ ਫੈਲਣ ਕਾਰਨ ਖਤਰਾ ਤੇ ਅਸਥਿਰਤਾ ਹੈ। ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਅਪਡੇਟ ਵਿੱਚ ਸਿਹਤ ਮੰਤਰੀ ਕੈਨੇਡੀਅਨਜ਼ ਨੂੰ ਬੱਸ ਇਹ ਕਹਿਣ ਤੋਂ ਝਿਜਕ ਗਏ ਕਿ ਘਰ ਵਿੱਚ ਹੀ ਰਹੋ। ਪਰ ਉਨ੍ਹਾਂ ਸਮੁੰਦਰੋਂ ਪਾਰ ਛੁੱਟੀਆਂ ਉੱਤੇ ਜਾਣ ਨਾਲ ਜੁੜੀਆਂ ਤਲਖ ਹਕੀਕਤਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਜ਼ਰੂਰ ਕੀਤੀ। ਉਨ੍ਹਾਂ ਆਖਿਆ ਕਿ ਉਹ ਟਰੈਵਲ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਇਹੋ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਦੁਨੀਆ ਵਿੱਚ ਕਿਤੇ ਵੀ ਚੀਜ਼ਾਂ ਤੇ ਹਾਲਾਤ ਤੇਜ਼ੀ ਨਾਲ ਬਦਲ ਸਕਦੇ ਹਨ। ਉਨ੍ਹਾਂ ਅੱਗੇ ਆਖਿਆ ਕਿ ਜਦੋਂ ਗੱਲ ਵਿਦੇਸ਼ ਟਰੈਵਲ ਕਰਨ ਦੀ ਆਉਂਦੀ ਹੈ ਤਾਂ ਚੀਜ਼ਾਂ ਹੋਰ ਗੁੰਝਲਦਾਰ ਹੋ ਜਾਂਦੀਆਂ ਹਨ।