ਮਨੀਲਾ: ਫਿਲੀਪੀਨਜ਼ ਦੇ ਮਨੀਲਾ ‘ਚ ਐਤਵਾਰ ਨੂੰ ਇਕ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਸਿੱਖ ਨੌਜਵਾਨ ਦਾ ਨਾਂ ਤਰਨਜੀਤ ਸਿੰਘ ਹੈ, ਜਿਸ ਨੂੰ ਦੋ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ।
ਉਸ ਦੇ ਪਰਿਵਾਰਕ ਮੈਂਬਰਾਂ ਨੇ ਦਸਿਆ ਕਿ 35 ਸਾਲਾ ਤਰਨਜੀਤ ਸਿੰਘ ਦਾ ਮਨੀਲਾ ‘ਚ ਉਸ ਦੇ ਰੈਸਟੋਰੈਂਟ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸ ਦੇਈਏ ਕਿ ਤਰਨਜੀਤ, ਮਨੀਲਾ ਵਿਖੇ ਪਿਛਲੇ 3 ਸਾਲਾਂ ਤੋਂ ‘ਇੰਡੀਅਨ ਰੈਸਟੋਰੈਂਟ’ ਚਲਾਉਂਦਾ ਸੀ। ਮ੍ਰਿਤਕ ਤਰਨਜੀਤ ਦੇ ਪਿਤਾ ਸ. ਦਿਆਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਕਿਉਂ ਮਾਰਿਆ ਗਿਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਿੱਖ ਨੌਜਵਾਨ ਝਾਰਖੰਡ ਦੇ ਸ਼ਹਿਰ ਜਮਸ਼ੇਦਪੁਰ ਦੇ ਮਾਨਗੋ ਬਸਤੀ ਦਾ ਰਹਿਣ ਵਾਲਾ ਸੀ।
ਤਰਨਜੀਤ ਦੇ ਚਾਚਾ ਗੁਰਦੀਪ ਸਿੰਘ ਨੇ ਕਿਹਾ ਕਿ ਤਰਨਜੀਤ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਭਾਰਤ ਲਿਆਉਣ ਲਈ ਸੂਬਾਈ ਸਰਕਾਰ ਦੇ ਮਾਧਿਅਮ ਤੋਂ ਕੇਂਦਰੀ ਵਿਦੇਸ਼ ਮੰਤਰਾਲਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ।