ਚੰਡੀਗੜ੍ਹ : ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਆਪਣੇ ਬਿਆਨਾਂ ਕਰਕੇ ਲਗਾਤਾਰ ਵਿਵਾਦਾਂ ‘ਚ ਰਹੇ ਹਨ ਤੇ ਸਿੱਧੂ ਇੱਕ ਵਾਰ ਮੁੜ ਤੋਂ ਵਿਵਾਦਾਂ ‘ਚ ਘਿਰਦੇ ਦਿਖਾਈ ਦੇ ਰਹੇ ਹਨ। ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਲਈ ਨਿਜੀ ਦੌਰੇ ਦੇ ਤੌਰ ‘ਤੇ ਗਏ ਸਨ। ਆਰ.ਟੀ.ਆਈ. ‘ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਨੇ ਇਸ ਦੌਰੇ ਨੂੰ ਸਰਕਾਰੀ ਦੌਰਾ ਦੱਸਦੇ ਹੋਏ ਹਰ ਤਰ੍ਹਾਂ ਦਾ ਖਰਚਾ ਸਰਕਾਰ ਤੋਂ ਲਿਆ ਤੇ ਉਹ ਸਾਰੇ ਲਾਭ ਸਰਕਾਰ ਤੋਂ ਪ੍ਰਾਪਤ ਕੀਤੇ ਹਨ ਜੋ ਇੱਕ ਮੰਤਰੀ ਨੂੰ ਮਿਲਦੇ ਹਨ।
ਦਰਅਸਲ ਸਿੱਧੂ ਪਿਛਲੇ ਸਾਲ ਅਗਸਤ ਵਿੱਚ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਲਈ ਇਕ ਦੋਸਤ ਦੇ ਤੌਰ ‘ਤੇ ਹਿੱਸਾ ਲੈਣ ਲਈ ਗਏ ਸਨ। ਸਿੱਧੂ ਨੇ ਆਪਣੇ ਇਸ ਨਿਜੀ ਦੌਰੇ ਨੂੰ ਸਰਕਾਰੀ ਦੌਰਾ ਦੱਸਦਿਆਂ ਪੰਜਾਬ ਸਰਕਾਰ ਤੋਂ ਹਰ ਤਰ੍ਹਾਂ ਦਾ ਕਲੇਮ ਲਿਆ ਸੀ।
ਆਰ.ਟੀ.ਆਈ. ਦੇ ਦਸਤਾਵੇਜਾਂ ‘ਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ 17 ਅਗਸਤ ਨੂੰ ਵਾਹਘਾ ਬਾਰਡਰ ਤੱਕ ਆਪਣੀ ਕਾਰ ਦਾ ਇਸਤਮਾਲ ਕੀਤਾ ਸੀ। ਜਿਸ ਲਈ ਉਨ੍ਹਾਂ ਨੇ 15 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ 88 ਕਿਲੋਮੀਟਰ ਦੇ ਸਫਰ ਲਈ ਸਰਕਾਰ ਤੋਂ 1320 ਰੁਪਏ ਤੇ 18 ਅਗਸਤ ਨੂੰ ਵਾਪਸ ਆਉਣ ਲਈ 370 ਕਿਲੋਮੀਟਰ ਦੇ ਸਫਰ ਲਈ 5550 ਰੁਪਏ ਦਾ ਕਲੇਮ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 17 ਤੇ 18 ਅਗਸਤ ਦੇ ਰੋਜ਼ਾਨਾ ਭੱਤੇ ਦੇ ਰੂਪ ‘ਚ ਕ੍ਰਮਵਾਰ 1500 ਤੇ 750 ਰੁਪਏ ਤੇ ਗੱਡੀ ਦੇ ਡਰਾਇਵਰ ਦੀ ਤਿੰਨ ਦਿਨਾਂ ਦੀ ਤਨਖਾਹ ਦੇ ਰੂਪ ‘ਚ 1000 ਰੁਪਏ ਕਲੇਮ ਲਿਆ ਸੀ।