ਮਿਆਮੀ: ਫਲੋਰਿਡਾ ਦੇ ਇੱਕ ਵਿਅਕਤੀ ਨੇ ਤਿੰਨ ਦਹਾਕਿਆਂ ਤੱਕ ਆਪਣੇ ਆਪ ਨੂੰ ਸਊਦੀ ਪ੍ਰਿੰਸ ਦੇ ਰੂਪ ਵਿੱਚ ਪੇਸ਼ ਕੀਤਾ। ਇਸ ਦੇ ਨਾਲ ਹੀ ਉਸ ਨੇ ਲੋਕਾਂ ਨਾਲ 80 ਲੱਖ ਡਾਲਰ ਦੀ ਧੋਖਾਧੜੀ ਕੀਤੀ। ਇਸ ਜ਼ੁਰਮ ‘ਚ ਉਸ ਨੂੰ 18 ਸਾਲ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ।
ਅਧਿਕਾਰੀਆਂ ਨੇ ਇਹ ਜਾਣਕਾਰੀ ਸ਼ੁੱਕਰਵਾਰ ਨੂੰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ 48 ਸਾਲ ਦੇ ਐਂਥਨੀ ਗਿਗਨੇਕ ਨੇ ਰੀਗਲ ਘੋਟਾਲੇ ਨਾਲ ਆਪਣੀ ਲਗਜ਼ਰੀ ਦੀ ਇੱਕ ਦੁਨੀਆ ਬਣਾ ਲਈ ਸੀ। ਇਸ ਵਿੱਚ ਫਰਜ਼ੀ ਡਿਪਲੋਮੈਟਿਕ ਕ੍ਰੈਡੈਂਸ਼ੀਅਲ ਤੇ ਬਾਡੀਗਾਰਡ ਨਾਲ ਰੱਖਣਾ ਸ਼ਾਮਲ ਸੀ। ਉਹ ਆਪਣੇ ਆਪ ਨੂੰ ਖਾਲਿਦ ਬਿਨ ਅਲ-ਸਊਦ ਦੱਸਦਾ ਸੀ ਤੇ ਉਹ ਮਿਆਮੀ ਦੇ ਪੋਸ਼ ਇਲਾਕੇ ਫਿਸ਼ਰ ਆਈਲੈਂਡ ‘ਚ ਰਹਿੰਦਾ ਸੀ ਤੇ ਫਰਜੀ ਡਿਪਲੋਮੈਟਿਕ ਲਾਈਸੈਂਸ ਪਲੇਟ ਵਾਲੀ ਫਰਾਰੀ ‘ਚ ਘੁੰਮਦਾ ਸੀ।
ਦਰਜਨਾਂ ਲੋਕਾਂ ਨੇ ਉਸ ਦੇ ਬੈਂਕ ਖਾਤਿਆਂ ‘ਚ ਇਹ ਸੋਚ ਕੇ ਪੈਸਾ ਜਮਾਂ ਕੀਤਾ ਕਿ ਉਹ ਉਨ੍ਹਾਂ ਨੂੰ ਨਿਵੇਸ਼ ਕਰੇਗਾ। ਗਿਗਨੇਕ ਨੇ ਆਪਣੇ ਅਪਾਰਟਮੈਂਟ ‘ਚ ਸੁਲਤਾਨ ਲਿਖਿਆ ਹੋਇਆ ਬੋਰਡ ਲਗਾ ਰੱਖਿਆ ਸੀ। ਪਰ, ਲੋਕਾਂ ਤੋਂ ਮਿਲਣ ਵਾਲੀ ਰਕਮ ਨੂੰ ਨਿਵੇਸ਼ ਕਰਨ ਦੇ ਬਿਜਾਏ ਉਸ ਨੇ ਡਿਜ਼ਾਈਨਰ ਕੱਪੜਿਆਂ ਤੋਂ ਲੈ ਕੇ ਯਾਟਸ ਖਰੀਦਣ ਤੇ ਪ੍ਰਾਈਵੇਟ ਜੈੱਟ ਰਾਈਡ ‘ਤੇ ਖਰਚ ਕੀਤਾ ।
ਦੱਸਿਆ ਜਾ ਰਿਹਾ ਹੈ ਕਿ ਕੋਲੰਬੀਆ ‘ਚ ਜਨਮੇ ਗਿਗਨੇਕ ਨੂੰ ਸੱਤ ਸਾਲ ਦੀ ਉਮਰ ‘ਚ ਮਿਸ਼ੀਗਨ ‘ਚ ਇੱਕ ਪਰਿਵਾਰ ਨੇ ਗੋਦ ਲੈ ਲਿਆ ਸੀ। ਪਹਿਲੀ ਵਾਰ ਦੱਸ ਸਾਲ ਬਾਅਦ ਉਸਦਾ ਬਦਲਿਆ ਹੋਇਆ ਚਿਹਰਾ ਸਾਹਮਣੇ ਆਇਆ, ਜਦੋਂ ਉਹ 17 ਸਾਲ ਦਾ ਸੀ। ਉਸ ਤੋਂ ਬਾਅਦ ਉਸ ਨੂੰ ਕਈ ਵਾਰ ਧੋਖਾਧੜੀ ਦੇ ਜ਼ੁਰਮ ‘ਚ ਦੋਸ਼ੀ ਕਰਾਰਿਆ ਗਿਆ ਤੇ ਗ੍ਰਿਫਤਾਰ ਕੀਤਾ ਗਿਆ। ਪਰ ਇਹ ਸਭ ਉਸ ਨੂੰ ਪ੍ਰਿੰਸ ਖਾਲਿਦ ਬਣਨ ਤੋਂ ਨਹੀਂ ਰੋਕ ਸਕਿਆ।
ਯੂਐਸ ਅਟਾਰਨੀ ਏਰੀਆਨਾ ਫਜਾਰਡੋ ਓਰਸ਼ਾਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਦੇ ਦੌਰਾਨ ਗਿਗਨੇਕ ਨੇ ਆਪਣੇ ਆਪ ਨੂੰ ਫਰਜ਼ੀ ਤਰੀਕੇ ਨਾਲ ਸਊਦੀ ਰਾਜਕੁਮਾਰ ਦੇ ਰੂਪ ‘ਚ ਪੇਸ਼ ਕੀਤਾ। ਇਸ ਦੇ ਨਾਲ ਹੀ ਦੁਨੀਆ ਭਰ ਦੇ ਅਣਗਿਣਤ ਨਿਵੇਸ਼ਕਾਂ ਦੇ ਨਾਲ ਹੇਰਾ-ਫੇਰੀ ਕੀਤੀ।
ਫਰਜ਼ੀ ਸਾਊਦੀ ਪ੍ਰਿੰਸ ਬਣਕੇ ਲੋਕਾਂ ਤੋਂ ਠੱਗੇ 80 ਲੱਖ ਡਾਲਰ, ਹੁਣ ਤੋੜੇਗਾ ਜੇਲ੍ਹ ਦੀ ਰੋਟੀ

Leave a Comment
Leave a Comment