ਪੰਜਾਬ ਵੱਲੋਂ ਜ਼ਰੂਰੀ ਵਸਤਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਟਰਾਂਸਪੋਰਟ ਕੰਟਰੋਲ ਰੂਮ ਸਥਾਪਤ

TeamGlobalPunjab
7 Min Read

ਚੰਡੀਗੜ : ਪੰਜਾਬ ਸਰਕਾਰ ਨੇ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਕੁਝ ਨਵੇਂ ਕਦਮ ਚੁੱਕਦਿਆਂ ਆਵਾਜਾਈ ਦੀ ਸਹੂਲਤ ਲਈ ਕੰਟਰੋਲ ਰੂਮ ਕਾਇਮ ਕੀਤੇ ਹਨ ਤਾਂ ਕਿ ਅਜਿਹੀਆਂ ਵਸਤਾਂ ਨੂੰ ਲਿਜਾਣ ਵਾਲੇ ਟੱਰਕਾਂ ਆਦਿ ਵਾਹਨਾਂ ਦੀ ਨਿਰੰਤਰ ਆਵਾਜਾਈ ਬਰਕਰਾਰ ਰੱਖੀ ਜਾ ਸਕੇ। ਇਸੇ ਦੇ ਨਾਲ ਹੀ ਜ਼ਰੂਰੀ ਵਸਤਾਂ ਨੂੰ ਪ੍ਰਚੂਨ ਦੀ ਵੱਧ ਤੋਂ ਵੱਧ ਕੀਮਤ (ਐਮ.ਆਰ.ਪੀ.) ਤੋਂ ਜ਼ਿਆਦਾ ਕੀਮਤ ’ਤੇ ਵੇਚਣ ਵਾਲੇ ਨੂੰ 1.85 ਲੱਖ ਰੁਪਏ ਜੁਰਮਾਨਾ ਲਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੇਂਦਰੀ ਟਰਾਂਸਪੋਰਟ ਰੂਮ ਦੇ ਮੁਖੀ ਸਟੇਟ ਟਰਾਂਸਪੋਰਟ ਕਮਿਸ਼ਨਰ ਹੋਣਗੇ ਜਦਕਿ ਜ਼ਿਲਿਆਂ ਵਿੱਚ ਸਥਾਪਤ ਅਜਿਹੇ ਕੰਟਰੋਲ ਰੂਮਜ਼ ਦੀ ਕਮਾਂਡ ਸਕਤੱਰ ਅਤੇ ਆਰ.ਟੀ.ਏ. ਦੇ ਹੱਥਾਂ ਵਿੱਚ ਹੋਵੇਗੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤਹਿਤ ਟਰਾਂਸਪੋਰਟ ਵਿਭਾਗ ਨੇ ਹੋਰ ਸੂਬਿਆਂ ਨੂੰ ਵੀ ਸਪਲਾਈ ਵਧਾ ਦਿੱਤੀ ਹੈ। ਇਨਾਂ ਸੂਬਿਆਂ ਵਿੱਚ ਅਨਾਜ ਅਤੇ ਹੋਰ ਵਸਤਾਂ ਦੀ ਕਮੀ ਹੈ। ਬੁਲਾਰੇ ਨੇ ਦੱਸਿਆ ਕਿ ਇਨਾਂ ਵਸਤਾਂ ਦੀ ਕਮੀ ਵਾਲੇ ਸੂਬਿਆਂ ਵਿੱਚ ਸਟਾਕ ਲਿਜਾਣ ਦੀ ਗਤੀ ਆਮ ਨਾਲੋਂ ਲਗਪਗ 50 ਫੀਸਦੀ ਤੱਕ ਵਧ ਗਈ ਹੈ। ਬੁਲਾਰੇ ਨੇ ਦੱਸਿਆ ਕਿ ਕਣਕ/ਚਾਵਲ ਦੇ ਲਗਪਗ 20-25 ਰੈਕ ਜਿਨਾਂ ਵਿੱਚ 54000-67000 ਟਨ ਅਨਾਜ ਤੇ ਹੋਰ ਸਾਮਾਨ ਹੁੰਦਾ ਹੈ, ਰੋਜ਼ਾਨਾ ਇਨਾਂ ਸੂਬਿਆਂ ਨੂੰ ਭੇਜਿਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਸ਼ਨਿਚਰਵਾਰ ਨੂੰ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸਾਰੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ’ਤੇ ਨਿਗਾਂ ਰੱਖਣ ਲਈ ਸਖਤ ਨਿਰਦੇਸ਼ ਜਾਰੀ ਕੀਤੇ ਸਨ ਅਤੇ ਜਮਾਂਖੋਰੀ, ਵੱਧ ਕੀਮਤ ਵਸੂਲਣ ਵਾਲਿਆਂ ਖਿਲਾਫ ਕਰੜੀ ਕਾਰਵਾਈ ਕਰਨ ਲਈ ਕਿਹਾ ਸੀ। ਇਨਫੋਰਸਮੈਂਟ ਟੀਮਾਂ ਵੱਧ ਕੀਮਤ ਵਸੂਲਣ ਵਾਲਿਆਂ ਉਤੇ ਨਿਗਰਾਨੀ ਰੱਖਣ ਲਈ ਨਿਰੰਤਰ ਜਾਂਚ ਕਰ ਰਹੀਆਂ ਹਨ ਤਾਂ ਜੋ ਤੈਅਸ਼ੁਦਾ ਕੀਮਤਾਂ ਤੋਂ ਵੱਧ ਕੀਮਤ ਵਸੂਲ ਕੇ ਗਲਤ ਕੰਮ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਮੰਤਰੀ ਮੰਡਲ ਨੂੰ ਦੱਸਿਆ ਗਿਆ ਸੀ ਕਿ ਇਨਾਂ ਟੀਮਾਂ ਵੱਲੋਂ ਪਠਾਨਕੋਟ ਤੇ ਫਿਰੋਜ਼ਪੁਰ ਵਿੱਚ 15-15, ਐਸ.ਏ.ਐਸ.ਨਗਰ ਵਿੱਚ 11, ਗੁਰਦਾਸਪੁਰ ਵਿੱਚ 10 ਤੇ ਲੁਧਿਆਣਾ ਵਿੱਚ ਇਕ ਥਾਂ ਉਤੇ ਛਾਪੇਮਾਰੀ ਕੀਤੀ ਗਈ ਅਤੇ ਇਕ ਗੈਸ ਏਜੰਸੀ ਦਾ ਚਲਾਨ ਵੀ ਕੱਟਿਆ ਗਿਆ।
ਖੁਰਾਕ ਤੇ ਸਿਵਲ ਸਪਲਾਈ ਦੇ ਪ੍ਰਮੁੱਖ ਸਕੱਤਰ ਨੇ ਮੰਤਰੀ ਮੰਡਲ ਨੂੰ ਦੱਸਿਆ ਸੀ ਕਿ ਸਾਰੀਆਂ ਵਸਤਾਂ ਖਾਸ ਕਰ ਕੇ ਖਾਣ ਵਾਲੀਆਂ ਵਸਤਾਂ ਜਿਵੇਂ ਕਣਕ/ਆਟਾ, ਚੌਲ, ਦਾਲ, ਖਾਣਾ ਬਣਾਉਣ ਵਾਲੇ ਤੇਲ, ਮਸਾਲਾ, ਸਬਜ਼ੀਆਂ ਦੇ ਨਾਲ-ਨਾਲ ਮਾਸਕ ਤੇ ਸੈਨੀਟਾਈਜ਼ਰ ਉਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਉਨਾਂ ਦੱਸਿਆ ਕਿ ਸਪਲਾਈ ਲਾਈਨ ਜਾਰੀ ਰੱਖਣ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ ਦੇਖਣ ਤੋਂ ਇਲਾਵਾ ਕਰ ਤੇ ਆਬਾਕਾਰੀ ਵਿਭਾਗ ਵੱਲੋਂ ਡਾਟਾ ਇਕੱਠਾ ਕਰਨ, ਰਿਲਾਇੰਸ ਫਰੈਸ਼, ਵਾਲਮਾਰਟ, ਬਿੱਗ ਬਾਜ਼ਾਰ ਜਿਹੇ ਪ੍ਰਚੂਨ ਵਿਕਰੇਤਾਵਾਂ ਨਾਲ ਨੈਟਵਰਕ ਸਥਾਪਤ ਕਰਨ ਉਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਜ਼ਰੂਰੀ ਵਸਤਾਂ ਦੀ ਨਿਰਵਿਘਨ ਸਪਲਾਈ ਲਈ ਕੇਂਦਰੀ ਖਪਤਕਾਰ ਮਾਮਲੇ, ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨਾਲ ਲਗਾਤਾਰ ਰਾਬਤਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੁਲਿਸ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗਾਂ ਦੇ ਨੋਡਲ ਅਫਸਰ ਜ਼ਰੂਰੀ ਵਸਤਾਂ ਦੀ ਅੰਤਰ ਰਾਜੀ ਅਤੇ ਸੂਬੇ ਅੰਦਰ ਆਉਣ-ਜਾਣ ਸਪਲਾਈ ਨੂੰ ਸੁਵਿਧਾ ਦਿੰਦੇ ਹੋਏ ਪੂਰਾ ਤਾਲਮੇਲ ਰੱਖ ਰਹੇ ਹਨ।
ਨਵੇਂ ਬਣਾਏ ਗਏ ਟਰਾਂਸਪੋਰਟ ਕੰਟਰੋਲ ਰੂਮਜ਼ ਸੂਬੇ ਅੰਦਰ ਟਰੱਕ ਆਪਰੇਟਰਾਂ ਤੇ ਡਰਾਈਵਰਾਂ ਨੂੰ ਉਨਾਂ ਦੇ ਖਾਲੀ ਤੇ ਭਰੇ ਹੋਏ ਟਰੱਕਾਂ ਨੂੰ ਜ਼ਰੂਰੀ ਵਸਤਾਂ ਦੇ ਆਉਣ-ਜਾਣ ਲਈ ਮਦਦਗਾਰ ਸਾਬਤ ਹੋ ਰਹੇ ਹਨ। ਇਹ ਕੰਟਰੋਲ ਰੂਮ ਵੱਖ-ਵੱਖ ਅਥਾਰਟੀਆਂ ਨਾਲ ਤਾਲਮੇਲ ਸਥਾਪਤ ਕਰ ਰਹੇ ਹਨ ਤਾਂ ਜੋ ਇਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ। ਇਹ ਪੰਜਾਬ ਦੇ ਉਨਾਂ ਟਰੱਕਾਂ ਦੀ ਵੀ ਸਬੰਧਤ ਸੂਬਿਆਂ ਦੀ ਅਥਾਰਟੀਆਂ ਨਾਲ ਤਾਲਮੇਲ ਸਥਾਪਤ ਕਰ ਕੇ ਮੱਦਦ ਕਰ ਰਹੇ ਹਨ ਜਿਹੜੇ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।
ਬੁਲਾਰੇ ਨੇ ਦੱਸਿਆ ਕਿ ਇਸੇ ਤਰਾਂ ਇਹ ਕੰਟਰੂਲ ਰੂਮ ਪੰਜਾਬ ਤੋਂ ਬਾਹਰ ਦੇ ਵਪਾਰੀਆਂ, ਜ਼ਰੂਰੀ ਵਸਤਾਂ ਤਿਆਰ ਕਰਨ ਵਾਲੇ ਨਿਰਮਾਤਾਵਾਂ ਦੀ ਵੀ ਇਨਾਂ ਵਸਤਾਂ ਨੂੰ ਖਪਤ ਵਾਲੀਆਂ ਥਾਵਾਂ ਤੱਕ ਟਰੱਕਾਂ ਰਾਹੀ ਲਿਜਾਣ ਵਿੱਚ ਵੀ ਮਦਦਗਾਰ ਸਾਬਤ ਹੋ ਰਹੇ ਹਨ।
ਬੁਲਾਰੇ ਨੇ ਦੱਸਿਆ ਕਿ ਰਾਜ ਕੰਟਰੋਲ ਰੂਮ ਦੀ ਸਥਾਪਨਾ ਚੰਡੀਗੜ ਵਿਖੇ ਮੋਬਾਈਲ ਨੰਬਰ 9814078544 ਅਤੇ 9023459522 ਨਾਲ ਕੀਤੀ ਗਈ ਹੈ। ਜ਼ਿਲਿਆਂ ਵਿੱਚ, ਅੰਮਿ੍ਰਤਸਰ (ਅੰਮਿ੍ਰਤਸਰ ਅਤੇ ਤਰਨ ਤਾਰਨ) ਦਾ ਟਰਾਂਸਪੋਰਟ ਰੂਮ ਖੇਤਰੀ ਟ੍ਰਾਂਸਪੋਰਟ ਅਥਾਰਟੀਜ਼ (ਆਰਟੀਏ) ਵਿਖੇ ਮੋਬਾਈਲ ਨੰਬਰ 9814255623 ਅਤੇ 8872383600 ਨਾਲ, ਬਠਿੰਡਾ (ਬਠਿੰਡਾ ਤੇ ਮਾਨਸਾ) ਦੇ ਸੰਪਰਕ ਨੰਬਰ 9779700074 ਅਤੇ 7508732655, ਫਰੀਦਕੋਟ (ਫਰੀਦਕੋਟ, ਮੁਕਤਸਰ ਤੇ ਮੋਗਾ) ਦੇ 9872676005 ਤੇ 9914105200, ਫਿਰੋਜ਼ਪੁਰ (ਫਿਰੋਜਪੁਰ ਤੇ ਫਾਜ਼ਿਲਕਾ) ਦੇ 8146852748 ਤੇ 7889221313, ਗੁਰਦਾਸਪੁਰ (ਗੁਰਦਾਸਪੁਰ ਤੇ ਪਠਾਨਕੋਟ) ਦੇ 7340701977 ਤੇ 8288008751 , ਜਲੰਧਰ (ਜਲੰਧਰ ਅਤੇ ਕਪੂਰਥਲਾ) ਦੇ 9872413497 ਤੇ 9815256996, ਲੁਧਿਆਣਾ ਦੇ 9888405018 ਤੇ 8528214311, ਪਟਿਆਲਾ (ਪਟਿਆਲਾ ਤੇ ਫਤਿਹਗੜ ਸਾਹਿਬ) ਦੇ 8360417470 ਤੇ 9501032006, ਐਸ.ਏ.ਐਸ.ਨਗਰ (ਐਸ.ਏ.ਐੱਸ. ਨਗਰ ਤੇ ਰੋਪੜ) ਦੇ 8853400000 ਤੇ 8427820090 ਅਤੇ ਸੰਗਰੂਰ (ਸੰਗਰੂਰ ਤੇ ਬਰਨਾਲਾ) ਦੇ 9814069272 ਤੇ 9814700505 ਦੇ ਸੰਪਰਕ ਨੰਬਰਾਂ ਨਾਲ ਕੰਟਰੋਲ ਰੂਮ ਸਥਾਪਤ ਕੀਤੇ ਗਏ। ਬੁਲਾਰੇ ਨੇ ਦੱਸਿਆ ਕਿ ਵਾਹਨ ਚਾਲਕ/ਡਰਾਈਵਰ ਰਸਤੇ ਵਿੱਚ ਖਾਣੇ ਦੀ ਉਪਲਬਧਤਾ, ਰਹਿਣ-ਸਹਿਣ ਅਤੇ ਉਨਾਂ ਦੇ ਵਾਹਨ ਚਲਾਉਣ ਸਬੰਧੀ ਸਹਾਇਤਾ ਲਈ ਇਨਾਂ ਕੰਟਰੋਲ ਰੂਮਾਂ ਨਾਲ ਸੰਪਰਕ ਕਰ ਸਕਦੇ ਹਨ।
ਇਸੇ ਦੌਰਾਨ ਰਾਹਤ ਕਾਰਜਾਂ ਵਜੋਂ 10 ਕਿਲੋ ਕਣਕ, ਦੋ ਕਿਲੋ ਦਾਲ ਅਤੇ ਦੋ ਕਿਲੋ ਖੰਡ ਵਾਲੇ 10 ਲੱਖ ਪੈਕੇਟ ਸੀਮਾਂਤ ਅਤੇ ਕੌਮੀ ਖੁਰਾਕ ਸੁਰੱਖਿਆ ਐਕਟ ਵਿੱਚ ਬਾਹਰ ਰਹਿ ਗਏ ਲੋਕਾਂ ਦਰਮਿਆਨ ਵੰਡੇ ਜਾ ਰਹੇ ਹਨ। ਇਸੇ ਤਰਾਂ 1.2 ਲੱਖ ਹੋਰ ਪੈਕੇਟ ਲੁਧਿਆਣਾ, ਜਲੰਧਰ, ਅੰਮਿ੍ਰਤਸਰ ਅਤੇ ਬਟਾਲਾ ਵਰਗੇ ਸਨਅਤੀ ਸ਼ਹਿਰਾਂ ਵਿੱਚ ਰਹਿ ਰਹੀ ਪਰਵਾਸੀ ਮਜ਼ਦੂਰਾਂ ਦੀ ਵਸੋਂ (ਲਗਪਗ 7.5 ਲੱਖ) ਨੂੰ 1.2 ਲੱਖ ਪੈਕੇਟ ਵੰਡੇ ਗਏ ਹਨ। ਲੁਧਿਆਣਾ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਪੈਟਰੋਲ, ਡੀਜ਼ਲ ਅਤੇ ਐਲ.ਪੀ.ਜੀ. ਸਿਲੰਡਰ, ਪੰਜ ਕਿਲੋ ਵਾਲੇ ਐਲ.ਪੀ.ਜੀ. ਸਿਲੰਡਰ ਭਰਨ ਦੀ ਸਹੂਲਤ ਪ੍ਰਚੂਨ ਰਿਟੇਲ ਰਾਹੀਂ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਇਸ ਦਾ ਸਾਰਾ ਬੋਝ ਸੂਬਾ ਸਰਕਾਰ ਵੱਲੋਂ ਸਹਿਣ ਕੀਤਾ ਜਾ ਰਿਹਾ ਹੈ। ਤੇਲ ਕੰਪਨੀਆਂ ਵੱਲੋਂ ਵੀ ਪੈਟਰੋਲ, ਡੀਜ਼ਲ ਅਤੇ ਐਲ.ਪੀ.ਜੀ. ਗੈਸ ਸਿਲੰਡਰਾਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਕਿ ਵਾਹਨਾਂ ਦੇ ਚੱਲਣ-ਫਿਰਨ ਵਿੱਚ ਕੋਈ ਵਿਘਨ ਨਾ ਪਵੇ। ਇਸੇ ਤਰਾਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਕੌਮੀ ਖੁਰਾਕ ਸੁਰੱਖਿਆ ਐਕਟ ਦੇ ਲਾਭਪਾਤਰੀਆਂ ਨੂੰ 2.2 ਲੱਖ ਮੀਟਰਕ ਟਨ ਕਣਕ ਅਤੇ 10,800 ਮੀਟਰਕ ਟਨ ਛੋਲਿਆਂ ਦੀ ਦਾਲ ਵੀ ਮੁਫ਼ਤ ਵੰਡੀ ਜਾ ਰਹੀ ਹੈ।
ਬੁਲਾਰੇ ਨੇ ਦੱਸਿਆ ਕਿ ਸੂਬਾ ਭਰ ਵਿੱਚ ਸਬਜ਼ੀਆਂ ਅਤੇ ਕਰਿਆਨੇ ਦੇ ਹੋਰ ਸਾਮਾਨ ਦੀ ਸਪਲਾਈ ਘਰ-ਘਰ ਸਪਲਾਈ ਕਰਨ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਭਾਰਤੀ ਖੁਰਾਕ ਨਿਗਮ ਤੋਂ ਕਣਕ ਅਤੇ ਚਾਵਲ ਦੀ ਵਿਵਸਥਾ ਕਰਨ ਲਈ ਪ੍ਰਚੂਨ ਚੇਨ ਦੇ ਪ੍ਰਬੰਧਨ ਵਾਸਤੇ ਪਨਸਪ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ ਅਤੇ ਖਾਣ ਵਾਲੇ ਤੇਲ ਤੇ ਨੈਫਡ ਤੋਂ ਦਾਲ ਦੀ ਵਿਵਸਥਾ ਲਈ ਮਾਰਕਫੈਡ ਨੂੰ ਬਣਾਇਆ ਗਿਆ ਹੈ। ਇਸੇ ਤਰਾਂ ਖੰਡ ਦੀਆਂ ਕੀਮਤਾਂ ਕੰਟਰੋਲ ਕਰਨ ਲਈ ਸ਼ੂਗਰਫੈੱਡ ਨੂੰ ਨੋਟੀਫਾਈ ਕੀਤੀ ਗਿਆ ਹੈ ਅਤੇ ਪ੍ਰਚੂਨ ਵਿੱਚ ਖੰਡ ਵੇਚਣ ਲਈ ਥੋਕ ਦੇ ਵਪਾਰੀ ਇਨਾਂ ਕੀਮਤਾਂ ’ਤੇ ਖੰਡ ਖਰੀਦ ਸਕਦੇ ਹਨ।

Share this Article
Leave a comment