ਅਵਤਾਰ ਸਿੰਘ
ਨਿਊਜ਼ ਡੈਸਕ :ਇਹ ਗੱਲ ਕਿਸੇ ਤੋਂ ਗੁੱਝੀ ਨਹੀਂ ਕਿ ਪੰਜਾਬੀ ਹਥਿਆਰਾਂ ਅਤੇ ਮਹਿੰਗੀਆਂ ਕਾਰਾਂ ਦਾ ਸ਼ੌਕ ਰੱਖਦੇ ਹਨ। ਪਰ ਇਨ੍ਹਾਂ ਟੌਹਰ ਵਾਲੀਆਂ ਗੱਲਾਂ ਵਿੱਚ ਸਰਹੱਦੀ ਜ਼ਿਲੇ ਫਿਰੋਜ਼ਪੁਰ ਦੇ ਲੋਕ ਕਾਫੀ ਦਿਲਚਸਪੀ ਰੱਖਦੇ ਹਨ। ਬੰਦੂਕਾਂ ਰੱਖਣਾ ਉਨ੍ਹਾਂ ਦਾ ਸ਼ੌਕ ਹੈ। ਉਧਰ ਇਸ ‘ਤੇ ਸੁਰੱਖਿਆ ਏਜੰਸੀਆਂ ਨੇ ਫ਼ਿਕਰਮੰਦੀ ਅਤੇ ਚਿੰਤਾ ਪ੍ਰਗਟ ਕੀਤੀ ਹੈ।
ਰਿਪੋਰਟਾਂ ਮੁਤਾਬਿਕ ਇਸ ਵੇਲੇ ਇਸ ਜ਼ਿਲੇ ਵਿੱਚ ਕੁੱਲ 21,221 ਹਥਿਆਰਾਂ ਦੇ ਲਾਇਸੈਂਸਧਾਰਕ ਹਨ ਜਿਨ੍ਹਾਂ ਕੋਲ 22,430 ਹਥਿਆਰ ਹਨ। ਵੱਡੀ ਗਿਣਤੀ ਲੋਕਾਂ ਨੇ ਹਥਿਆਰਾਂ ਦੇ ਲਾਇਸੈਂਸ ਅਪਲਾਈ ਕੀਤੇ ਹੋਏ ਹਨ ਅਤੇ 1200 ਦੇ ਕਰੀਬ ਲਾਇਸੈਂਸਧਾਰੀਆਂ ਕੋਲ ਦੋ ਦੋ ਹਥਿਆਰ ਹਨ। ਫਿਰੋਜ਼ਪੁਰ ਜ਼ਿਲੇ ਦੀ ਜ਼ੀਰਾ ਸਬ ਡਿਵੀਜਨ ਵਿੱਚ ਹਥਿਆਰਾਂ ਦੇ ਸਭ ਤੋਂ ਵੱਧ ਲਾਇਸੈਂਸਧਾਰਕ ਹਨ। ਇਥੇ 3,708 ਰਜਿਸਟਰਡ ਲਾਇਸੈਂਸਧਾਰਕਾਂ ਕੋਲ 3,920 ਅਸਲਾ ਰੱਖਦੇ ਹਨ, ਜਿਸ ਵਿੱਚ ਫਿਰੋਜ਼ਪੁਰ ਸਿਟੀ ਅਤੇ ਫਿਰੋਜ਼ਪੁਰ ਸਦਰ ਵਿੱਚ 3,276 ਲਾਇਸੈਂਸਧਾਰਕ ਹਨ ਜਿਨ੍ਹਾਂ ਕੋਲ 3,430 ਹਥਿਆਰ ਹਨ। ਇਸੇ ਤਰ੍ਹਾਂ ਇਕ ਹੋਰ ਸਬ ਡਿਵੀਜਨ ਗੁਰੂ ਹਰਸਹਾਏ ਦੇ 2,289 ਲਾਇਸੈਂਸਧਾਰਕ 2,374 ਹਥਿਆਰ ਰੱਖ ਰਹੇ ਹਨ। ਇਸ ‘ਤੇ ਪਾਕਿਸਤਾਨ ਦਾ ਸਰਹੱਦੀ ਜ਼ਿਲਾ ਹੋਣ ਕਰਕੇ ਪ੍ਰਸ਼ਾਸ਼ਨ ਫ਼ਿਕਰਮੰਦ ਹੈ।
ਰਿਪੋਰਟਾਂ ਅਨੁਸਾਰ ਐਸ ਪੀ (ਹੈੱਡਕੁਆਰਟਰ) ਗੁਰਮੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਹਥਿਆਰਾਂ ਦੀ ਕੋਈ ਲੋੜ ਨਹੀਂ ਹੈ। ਉਹ ਸਿਰਫ ਸ਼ੌਕ ਲਈ ਰੱਖ ਰਹੇ ਹਨ। ਸਰਹੱਦੀ ਖੇਤਰ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਲਾਇਸੈਂਸਧਾਰਕਾਂ ਦਾ ਹੋਣਾ ਚਿੰਤਾ ਦਾ ਵਿਸ਼ਾ ਹੈ।
ਇਕ 80 ਸਾਲ ਦੇ ਰਿਟਾਇਰਡ ਪੀ ਡੀ ਸ਼ਰਮਾ ਨੇ ਹਥਿਆਰ ਰੱਖਣ ਦੇ ਸ਼ੌਕ ‘ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ, ”ਸ਼ਰਾਬ ਅਤੇ ਹਥਿਆਰ ਦਾ ਖ਼ਤਰਨਾਕ ਸੁਮੇਲ ਹੈ।” ਕੁਝ ਮਾਪੇ ਇਸ ‘ਤੇ ਫ਼ਖ਼ਰ ਮਹਿਸੂਸ ਕਰਦੇ ਕਿ ਉਨ੍ਹਾਂ ਦੇ ਮੁੰਡਿਆਂ ਕੋਲ ਅਸਲਾ ਹੈ। ਪਿਛਲੇ ਕੁਝ ਦਿਨ ਪਹਿਲਾਂ ਇਕ ਸੇਲਿਬਰਟੀ ਵੱਲੋਂ ਫਾਇਰ ਕਰਦਿਆਂ ਇਕ ਨੌਜਵਾਨ ਦੇ ਪੱਟ ਵਿੱਚ ਗੋਲੀ ਲਗਦਿਆਂ ਮਸੀਂ ਬਚਿਆ।
ਉਧਰ ਏ ਡੀ ਸੀ (ਜੀ) ਰਵਿੰਦਰ ਸਿੰਘ ਨੇ ਕਿਹਾ, ”ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵੱਡੀ ਗਿਣਤੀ ਲੋਕ ਹਥਿਆਰਬੰਦ ਹਨ। ਪ੍ਰਸ਼ਾਸ਼ਨ ਹਰ ਵੇਲੇ ਇਨ੍ਹਾਂ ਹਥਿਰਧਾਰੀਆਂ ਦੀ ਸਰਗਰਮੀ ‘ਤੇ ਨਜ਼ਰ ਰੱਖਦਾ ਰਹਿੰਦਾ ਹੈ।” ਪਰ ਉਸ ਨੂੰ ਚੈੱਕ ਕਰਨਾ ਬਹੁਤ ਮੁਸ਼ਕਲ ਕੰਮ ਹੈ ਜਦੋਂ ਲਾਇਸੈਂਸਧਾਰਕ ਪੰਜਾਬ ਤੋਂ ਬਾਹਰ ਹਥਿਆਰ ਸਮੇਤ ਜਾਂਦਾ ਹੈ।
ਕੁਝ ਸਮਾਂ ਪਹਿਲਾਂ ਇਹ ਖ਼ਬਰਾਂ ਵੀ ਸੁਰਖੀਆਂ ਵਿਚ ਰਹੀਆਂ ਕਿ ਫਿਰੋਜ਼ਪੁਰ ਵਿੱਚ 21 ਭਗੌੜੇ ਹਥਿਆਰਾਂ ਸਮੇਤ ਘੁੰਮ ਰਹੇ ਹਨ। ਇਸ ‘ਤੇ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਅਪਰਾਧਕ ਕੇਸਾਂ ਵਿੱਚ ਘਿਰੇ ਵਿਅਕਤੀਆਂ ਨੂੰ ਤੁਰੰਤ ਹਥਿਆਰ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਸਨ। ਇਸ ਤੋਂ ਪਹਿਲਾਂ ਡੀ ਸੀ ਨੇ ਸਾਰੇ ਅਸਲੇ ਦੇ ਬਿਨੈਕਾਰਾਂ ਨੂੰ 10 ਬੂਟੇ ਲਾਉਣ ਲਈ ਕਿਹਾ, ਹਦਾਇਤ ਕੀਤੀ ਕਿ ਹਥਿਆਰ ਅਪਲਾਈ ਕਰਨ ਵਾਲਾ ਆਪਣੀ ਅਰਜ਼ੀ ਨਾਲ ਬੂਟੇ ਲਾਉਣ ਵਾਲੀ ਤਸਵੀਰ ਜ਼ਰੂਰ ਲਾਉਣ। ਇਸ ਮੁਹਿੰਮ ਤੋਂ ਬਾਅਦ ਲਾਇਸੈਂਸ ਲੈਣ ਵਾਲਿਆਂ ਦੀ ਗਿਣਤੀ ਨੂੰ ਕੁਝ ਠੱਲ੍ਹ ਪਈ।
ਇਕ ਸਾਬਕਾ ਸਰਪੰਚ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਗੰਨ ਸਭਿਆਚਰ ਨੂੰ ਠੱਲ੍ਹ ਪਾਉਣ ਦੀ ਲੋੜ ਹੈ। ਉਸ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਿਲਮ “ਸ਼ੂਟਰ” ‘ਤੇ ਪਾਬੰਦੀ ਲਾਉਣ ਦੀ ਸ਼ਲਾਘਾ ਕੀਤੀ ਹੈ। ਰੇਸ਼ਮ ਸਿੰਘ ਦਾ ਕਹਿਣਾ ਹੈ, ”ਜੇ ਅਸੀਂ ਗੰਨ ਤੇ ਨਸ਼ੇ ‘ਤੇ ਕਾਬੂ ਪਾਉਣ ਵਿੱਚ ਅਸਫਲ ਰਹਿੰਦੇ ਹਾਂ ਤਾਂ ਪੰਜਾਬੀਆਂ ਨੂੰ ਕੂਚ ਕਰਨ ਤੋਂ ਰੋਕਣ ਲਈ ਮੁਸ਼ਕਲ ਹੋ ਜਾਵੇਗਾ।”