ਪ੍ਰਿਯੰਕਾ ਵੱਲੋਂ ਕੇਂਦਰੀ ਮੰਤਰੀ ਦੀ ਬਰਖ਼ਾਸਤਗੀ ਦੀ ਮੰਗ ’ਤੇ ਮੌਨ ਧਰਨੇ ’ਦੀ ਅਗਵਾਈ

TeamGlobalPunjab
2 Min Read

ਲਖਨਊ : ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੀ ਬਰਖ਼ਾਸਤਗੀ ਦੀ ਮੰਗ ਨੂੰ ਲੈ ਕੇ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੀ ਅਗਵਾਈ ’ਚ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਨੇ ਸੋਮਵਾਰ ਨੂੰ ਲਖਨਊ ਦੇ ਜੀਪੀਓ ਪਾਰਕ ’ਚ ਮਹਾਤਮਾ ਗਾਂਧੀ ਦੇ ਮੂਰਤੀ ਵਾਲੇ ਸਥਾਨ ’ਤੇ ਮੌਨ ਧਾਰਨ ਕਰਕੇ ਧਰਨਾ ਦਿੱਤਾ।ਯੂਪੀ ਸਰਕਾਰ ’ਚ ਮੰਤਰੀ ਸਿਧਾਰਥ ਨਾਥ ਸਿੰਘ ਨੇ ਕਿਹਾ ਕਿ ਕਾਂਗਰਸ ਨੂੰ ‘ਮੌਨ ਵਰਤ’ ਰੱਖਣ ਦਾ ਸੰਵਿਧਾਨਕ ਹੱਕ ਹੈ, ਪਰ ਕਾਨੂੰਨ ਆਪਣੇ ਮੁਤਾਬਕ ਕੰਮ ਕਰੇਗਾ ਤੇ ਕਿਸੇ ਵੀ ਦਬਾਅ ਹੇਠ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।

ਮੌਨ ਤੋੜਨ ਤੋਂ ਬਾਅਦ ਪ੍ਰਿਅੰਕਾ ਨੇ ਕਿਹਾ ਕਿ ਲਖੀਮਪੁਰ ਵਿਚ ਕਾਲੇ ਕਾਨੂੰਨਾਂ ਖ਼ਿਲਾਫ਼ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਪੱਤਰਕਾਰ ਦੀ ਕੇਂਦਰੀ ਮੰਤਰੀ ਦੀਆਂ ਗੱਡੀਆਂ ਨਾਲ ਕਰੂਰਤਾ ਨਾਲ ਦਰੜ ਕੇ ਹੱਤਿਆ ਕਰ ਦਿੱਤੀ ਗਈ। ਅਜੇ ਮਿਸ਼ਰਾ ਦੇ ਮੰਤਰੀ ਦੇ ਅਹੁਦੇ ’ਤੇ ਬਣੇ ਰਹਿੰਦੇ ਹੋਏ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲ ਸਕਦਾ ਹੈ। ਇਨਸਾਫ਼ ਮਿਲਣ ਤਕ ਸੱਤਿਆਗ੍ਰਹਿ ਦੀ ਇਹ ਲੜਾਈ ਜਾਰੀ ਰਹੇਗੀ। ਪ੍ਰਿਯੰਕਾ ਗਾਂਧੀ ਨੇ ਬੀਤੇ ਦਿਨ ਵਾਰਾਣਸੀ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ‘ਕਾਂਗਰਸੀ ਵਰਕਰ ਕਿਸੇ ਤੋਂ ਨਹੀਂ ਡਰਦੇ, ਫਿਰ ਚਾਹੇ ਉਨ੍ਹਾਂ ਨੂੰ ਜੇਲ੍ਹੀਂ ਸੁੱਟ ਦਿਓ ਜਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਵੇ। ਅਸੀਂ ਕੇਂਦਰੀ ਮੰਤਰੀ ਦੇ ਅਸਤੀਫ਼ੇ ਤੱਕ ਲੜਾਈ ਜਾਰੀ ਰੱਖਾਂਗੇ। ਸਾਡੀ ਪਾਰਟੀ ਨੇ ਆਜ਼ਾਦੀ ਦੀ ਲੜਾਈ ਲੜੀ ਸੀ ਤੇ ਕੋਈ ਵੀ ਸਾਡੀ ਆਵਾਜ਼ ਦਬਾ ਨਹੀਂ ਸਕਦਾ।’

Share this Article
Leave a comment