ਪੈਟਰੋਲ ਬੰਬ ਨਾਲ ਪਾਵਰਕੌਮ ਦੇ ਦਫ਼ਤਰ ਨੂੰ ਅੱਗ ਲਾਉਣ ਦੇ ਦੋਸ਼ਾਂ ‘ਚੋਂ 11 ਡੇਰਾ ਪ੍ਰੇਮੀ ਬਰੀ

Prabhjot Kaur
4 Min Read

ਸੌਦਾ ਸਾਧ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਘਟੀ ਸੀ ਘਟਨਾ

ਸੰਗਰੂਰ : ਇੱਕ ਪਾਸੇ ਜਦੋਂ ਦੇਸ਼ ਪਾਕਿਸਤਾਨ ਨਾਲ ਜੰਗ ਦੇ ਮੋੜ ‘ਤੇ ਖੜ੍ਹਾ ਹੈ, ਇੱਕ ਪਾਸੇ ਜਦੋਂ ਸੂਬਾ ਪੰਜਾਬ ਦੀ ਸਿਆਸਤ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੇ ਆਲੇ ਦੁਆਲੇ ਘੁੰਮ ਰਹੀ ਹੈ ਤੇ ਲੋਕ ਸਾਲ 2017 ਦੌਰਾਨ ਡੇਰਾ ਸਰਸਾ ਮੁਖੀ ਰਾਮ ਰਹੀਮ ਨੂੰ ਸੀਬੀਆਈ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਮਗਰੋਂ ਫੈਲੇ ਦੰਗਿਆਂ ਨਾਲ ਹੋਏ ਨੁਕਸਾਨ ਨੂੰ ਲੱਗਭੱਗ ਭੁੱਲਦੇ ਜਾ ਰਹੇ ਹਨ। ਉੱਥੇ ਦੂਜੇ ਪਾਸੇ ਸੰਗਰੂਰ ਪਾਵਰਕਾਮ ਦੇ ਉਪ-ਮੰਡਲ ਦਫਤਰ ਉਭਾਵਾਲ ਨੂੰ ਡੇਰਾ ਪ੍ਰੇਮੀਆਂ ਵੱਲੋਂ ਅੱਗ ਲਾਏ ਜਾਣ ਦੇ ਮਾਮਲੇ ਵਿੱਚ ਇੱਕ ਵੱਡਾ ਫੈਸਲਾ ਆਇਆ ਹੈ। ਪੁਲਿਸ ਨੇ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਡੇਰਾ ਸਰਸਾ ਦੀ 45 ਮੈਂਬਰੀ ਕਮੇਟੀ ਦੇ ਜਿਨ੍ਹਾਂ ਬੰਦਿਆਂ ਨੂੰ ਦੋਸ਼ੀ ਠਹਿਰਾ ਕੇ ਅਦਾਲਤ ਵਿੱਚ ਉਨ੍ਹਾਂ ਖਿਲਾਫ ਮੁਕੱਦਮਾਂ ਦਾਇਰ ਕੀਤਾ ਸੀ ਉਨ੍ਹਾਂ ਵਿੱਚੋਂ 11 ਡੇਰਾ ਪ੍ਰੇਮੀ ਬਰੀ ਹੋ ਨਿੱਕਲੇ ਹਨ।

ਦੱਸ ਦਈਏ ਕਿ ਸਾਲ 2017 ਦੌਰਾਨ ਸੌਦਾ ਸਾਧ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਦਿੱਲੀ ਸਣੇ ਕਈ ਹੋਰ ਥਾਂਈ ਡੇਰਾ ਪ੍ਰੇਮੀਆਂ ਨੇ ਨਾਰਾਜ਼ ਹੋ ਕੇ ਭੰਨ੍ਹ ਤੋੜ ਅਤੇ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਸੀ ਤੇ ਇਸ ਦੌਰਾਨ ਇਹੋ ਜਿਹੀ ਹੀ ਇੱਕ ਅੱਗ ਲਾਉਣ ਦੀ ਘਟਨਾ ਸੰਗਰੂਰ ਦੇ ਉਭਾਵਾਲ ਸਥਿਤ ਪਾਵਰਕਾਮ ਉਪ-ਮੰਡਲ ਦਫਤਰ ਵਿਖੇ ਵੀ ਵਾਪਰੀ ਸੀ। ਇਸ ਮਾਮਲੇ ਸਬੰਧੀ ਪਾਵਰਕੌਮ ਦਫ਼ਤਰ ਦੇ ਸਹਾਇਕ ਇੰਜਨੀਅਰ ਵਿਜੇ ਕੁਮਾਰ ਪੁਲਿਸ ਕੋਲ ਨੇ ਸ਼ਿਕਾਇਤ ਦਰਜ਼ ਕਰਵਾਉਂਦਿਆਂ ਦੋਸ਼ ਲਾਇਆ ਸੀ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਮੁਲਾਜ਼ਮ ਅਤੇ ਅਧਿਕਾਰੀ 25 ਅਗਸਤ ਨੂੰ ਆਪਣੀ ਡਿਊਟੀ ਪੂਰੀ ਕਰਕੇ ਪਾਵਰਕਾਮ ਦਫ਼ਤਰ ਤੋਂ ਆਪਣੇ ਘਰ ਚਲੇ ਗਏ ਸਨ। ਇਸ ਤੋਂ ਅਗਲੇ ਦੋ ਦਿਨ 26 ਅਤੇ 27 ਅਗਸਤ ਦੀ ਸਰਕਾਰੀ ਛੁੱਟੀ ਹੋਣ ਕਾਰਨ ਦਫਤਰ ਬੰਦ ਸੀ। ਇਨ੍ਹਾਂ ਦੋ ਛੁੱਟੀਆਂ ਤੋਂ ਬਾਅਦ ਜਦੋਂ ਉਹ 28 ਅਗਸਤ ਵਾਲੇ ਦਿਨ ਦਫ਼ਤਰ ਆਏ ਤਾਂ ਦੇਖਿਆ ਕਿ ਕੁਝ ਅਣਜਾਣ ਸ਼ਰਾਰਤੀ ਅਨਸਰਾਂ ਨੇ ਦਫ਼ਤਰ ਨੂੰ ਅੱਗ ਲਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਸੀ। ਦੋਸ਼ ਸੀ ਕਿ ਉਹ ਅੱਗ ਪੈਟਰੋਲ ਬੰਬ ਸੁੱਟ ਕੇ ਲਾਈ ਗਈ ਸੀ। ਉਨ੍ਹਾਂ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਇਹ ਕਿਹਾ ਸੀ ਕਿ ਪੈਟਰੋਲ ਬੰਬ ਦਫ਼ਤਰ ਦੀ ਪਿਛਲੀ ਖਿੜਕੀ ਰਾਹੀਂ ਸੁਟਿੱਆ ਗਿਆ ਸੀ ਅਤੇ ਇਸ ਨਾਲ ਖਿੜਕੀਆਂ, ਪਰਦੇ, ਕੰਪਿਊਟਰ ਆਦਿ ਸੜ ਗਏ ਸਨ।

ਇਸ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਥਾਣਾ ਲੌਂਗੋਵਾਲ ਪੁਲਿਸ ਨੇ ਮੌਕੇ ‘ਤੇ ਦਫ਼ਤਰ ਨੇੜਿਓਂ ਕੁਝ ਕੋਲਡ ਡਰਿੰਕ ਦੀਆਂ ਖਾਲੀ ਬੋਤਲਾਂ ( ਜੋ ਦੋਸ਼ ਸੀ ਕਿ ਪੈਟਰੋਲ ਬੰਬ ਲਈ ਵਰਤੀਆਂ ਗਈਆਂ ਸਨ) ਬਰਾਮਦ ਕੀਤੀਆਂ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਦੌਰਾਨ ਡੇਰਾ ਸਰਸਾ ਮੁਖੀ ਦੀ 45 ਮੈਂਬਰੀਂ ਕਮੇਟੀ ਦੇ ਮੈਂਬਰਾਂ ਦੁਨੀ ਚੰਦ ਵਾਸੀ ਸ਼ੇਰਪੁਰ, ਬਬਰਾ ਸਿੰਘ ਸੇਰੋਂ, ਪ੍ਰਿਥੀ ਸਿੰਘ, ਹਰਮੇਸ਼ ਸਿੰਘ ਸੇਰੋਂ, ਜਸਪਾਲ ਸਿੰਘ ਉਭਾਵਾਲ, ਰਾਜਨ ਸਿੰਘ ਸੇਰੋਂ, ਲਛਮਣ ਸਿੰਘ ਕਣਕਵਾਲੀ, ਮੇਜਰ ਸਿੰਘ ਵਾਸੀ ਮਲਕਪੁਰ, ਪ੍ਰਿਤਪਾਲ ਸਿੰਘ ਚੋਟੀਆਂ,  ਸਤਿਗੁਰ ਸਿੰਘ, ਕਾਕੂ ਸੋਰੋਂ ਅਤੇ ਪੁਨਿਤ ਕੁਮਾਰ ਸੇਰੋਂ ਖਿਲਾਫ ਮਾਮਲਾ ਦਰਜ਼ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਜਿਨ੍ਹਾਂ ਖਿਲਾਫ ਲੱਗਭੱਗ ਡੇਢ ਸਾਲ ਤੱਕ ਚੱਲੀ ਲੰਮੀ ਅਦਾਲਤੀ ਕਾਨੂੰਨੀ ਪ੍ਰਕਿਰਿਆ ਦੌਰਾਨ ਅਦਾਲਤ ਨੇ ਦੋਵਾਂ ਪੱਖਾਂ ਦੇ ਵਕੀਲਾਂ ਦੀ ਬਹਿਸ ਪੇਸ਼ ਕੀਤੇ ਗਏ ਸਬੂਤ ਅਤੇ ਗਵਾਹਾਂ ਦੀ ਰੌਸ਼ਨੀ ਵਿੱਚ ਫੈਸਲਾ ਸੁਣਾਉਂਦਿਆਂ ਦੁਨੀਂ ਚੰਦ ਸਣੇ ਸਾਰੇ ਡੇਰਾ ਪ੍ਰੇਮੀਆਂ ਨੂੰ ਪਾਵਰਕੌਮ ਉਭਾਵਾਲ ਨੂੰ ਅੱਗ ਲਾਉਣ ਦੇ ਦੋਸ਼ਾਂ ਤੋਂ ਮੁਕਤ ਕਰਦਿਆਂ ਬਰੀ ਕਰਨ ਦੇ ਹੁਕਮ ਸੁਣਾ ਦਿੱਤੇ ਹਨ।

- Advertisement -

 

 

 

Share this Article
Leave a comment